ਕੋਲਕਾਤਾ : ਪਛਮੀ ਬੰਗਾਲ ਵਿਚ ਬੀਤੇ ਕਈ ਸਾਲਾਂ ਤੋਂ ਭਾਜਪਾ ਦਾ ਅਹਿਮ ਚਿਹਰਾ ਰਹੇ ਮੁਕੁਲ ਰਾਏ ਨੇ ਹੁਣ ਤ੍ਰਿਣਮੂਲ ਕਾਂਗਰਸ ਵਿਚ ਵਾਪਸੀ ਕਰ ਲਈ ਹੈ। ਉਨ੍ਹਾਂ ਨੂੰ ਖ਼ੁਦ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਘਰ ਵਾਪਸੀ ਕਰਾਈ। ਇਸ ਦੌਰਾਨ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਵੀ ਮੌਜੂਦ ਸਨ। ਮੁਕੁਲ ਰਾਏ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਸੁਭਾਂਸ਼ੂ ਰਾਏ ਨੇ ਵੀ ਟੀਐਮਸੀ ਜੁਆਇਨ ਕਰ ਲਈ। ਮੁਕਲੇ ਨੇ ਤ੍ਰਿਣਮੂਲ ਕਾਂਗਰਸ ਵਿਚ ਵਾਪਸੀ ਕਰਦੇ ਹੋਏ ਕਿਹਾ ਕਿ ਉਸ ਨੂੰ ਅਪਣੇ ਘਰ ਵਾਪਸ ਆ ਕੇ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਪਣੇ ਲੋਕਾਂ ਨੂੰ ਮਿਲ ਕੇ ਚੰਗਾ ਲੱਗ ਰਿਹਾ ਹੈ। ਇਹੋ ਨਹੀਂ, ਉਨ੍ਹਾਂ ਦੀਦੀ ਨੂੰ ਦੇਸ਼ ਅਤੇ ਭਵਿੱਖ ਦਾ ਨੇਤਾ ਵੀ ਦਸਿਆ। ਮੁਕੁਲ ਨੇ ਕਿਹਾ ਕਿ ਫ਼ਿਲਹਾਲ ਬੰਗਾਲ ਦੀ ਜਿਹੜੀ ਸਥਿਤੀ ਹੈ, ਉਸ ਵਿਚ ਕੋਈ ਵੀ ਭਾਜਪਾ ਵਿਚ ਨਹੀਂ ਰੁਕ ਸਕਦਾ। ਉਧਰ, ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਵਿਚ ਹਾਲਤ ਬੇਹੱਦ ਖ਼ਰਾਬ ਹੈ। ਉਥੇ ਕੋਈ ਵੀ ਵਿਅਕਤੀ ਸਹੀ ਤਰ੍ਹਾਂ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਮੁਕੁਲ ਰਾਏ ਦੀ ਹਾਲਤ ਕਾਫ਼ੀ ਖਰਾਬ ਲੱਗ ਰਹੀ ਸੀ। ਉਨ੍ਹਾਂ ਕਿਹਾ ਕਿ ਮੁਕੁਲ ਨਾਲ ਕਦੇ ਵੀ ਮੇਰੀ ਵਿਗੜੀ ਨਹੀਂ। ਮੁਕੁਲੇ ਨੇ ਕਦੇ ਵੀ ਮੇਰੇ ’ਤੇ ਹਮਲਾ ਨਹੀਂ ਕੀਤਾ ਅਤੇ ਚੋਣਾਂ ਵਿਚ ਵੀ ਸਾਡੇ ਬਾਰੇ ਕੁਝ ਨਹੀਂ ਕਿਹਾ। ਦੀਦੀ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਸਾਡੇ ਨਾਲ ਗ਼ਦਾਰੀ ਕੀਤੀ ਹੈ, ਉਨ੍ਹਾਂ ਨੂੰ ਪਾਰਟੀ ਵਿਚ ਵਾਪਸ ਨਹੀਂ ਲਿਆ ਜਾਵੇਗਾ।