ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਰਾਤ ਬ੍ਰਿਟੇਨ ਵਿਚ ਚੱਲ ਰਹੇ ਜੀ-7 ਸੰਮੇਲਨ ਦੇ ਆਊਟਰੀਚ ਸੈਸ਼ਨ ਨੂੰ ਸੰਬੋਧਿਤ ਕੀਤਾ। ਮੋਦੀ ਨੇ ਜੀ-7 ਦੇਸ਼ਾਂ ਨੂੰ ‘ਵਨ ਅਰਥ-ਵਨ ਹੈਲਥ’ ਦਾ ਮੰਤਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਭਵਿੱਖ ਦੀਆਂ ਮਹਾਂਮਾਰੀਆਂ ਨੂੰ ਰੋਕਣ ਲਈ ਲੋਕਤੰਤਰੀ ਅਤੇ ਪਾਰਦਰਸ਼ੀ ਸਮਾਜ ਦੀ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ। ਪੀ. ਐਮ. ਦੀ ਇਸ ਗੱਲ ਦਾ ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਵੀ ਸਮਰਥਨ ਕੀਤਾ। G-7 ਸੰਮੇਲਨ ਦੇ ਇਸ ਸੈਸ਼ਨ ਦਾ ਨਾਮ ‘ਬਿਲਡਿੰਗ ਬੈਕ ਸਟਰਾਂਗਰ-ਹੈਲਥ’ ਰੱਖਿਆ ਗਿਆ ਸੀ । ਇਹ ਸੈਸ਼ਨ ਕੋਰੋਨਾ ਤੋਂ ਗਲੋਬਲ ਰਿਕਵਰੀ ਅਤੇ ਭਵਿੱਖ ਦੀਆਂ ਮਹਾਂਮਾਰੀਆਂ ਦੇ ਵਿਰੁੱਧ ਦ੍ਰਿੜ ਹੋਣ ਦੇ ਉਪਾਅ ਕਰਨ ਬਾਰੇ ਸੀ । ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਤਾਜ਼ਾ ਲਹਿਰ ਦੌਰਾਨ ਜੀ -7 ਅਤੇ ਹੋਰ ਮਹਿਮਾਨ ਦੇਸ਼ਾਂ ਵੱਲੋਂ ਮਿਲੇ ਸਮਰਥਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਮਹਾਂਮਾਰੀ ਨਾਲ ਲੜਨ ਲਈ ਭਾਰਤੀ ਸਮਾਜ ਦੇ ਨਜ਼ਰੀਏ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ ਸਰਕਾਰ, ਉਦਯੋਗ ਅਤੇ ਸਿਵਲ ਸੁਸਾਇਟੀ ਸਾਰਿਆਂ ਨੇ ਆਪਸੀ ਤਾਲਮੇਲ ਨਾਲ ਆਪਣੇ ਪੱਧਰ ‘ਤੇ ਉਪਰਾਲੇ ਕੀਤੇ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਪੀ. ਐਮ. ਮੋਦੀ ਨਾਲ ਵਿਚਾਰ ਵਟਾਂਦਰੇ ਕੀਤੇ। ਉਨਾਂ ‘ਵਪਾਰ ਸੰਬੰਧਿਤ ਬੌਧਿਕ ਜਾਇਦਾਦ ਅਧਿਕਾਰਾਂ ਦੇ (TRIPS) ਸਮਝੌਤਿਆਂ ਬਾਰੇ ਚਰਚਾ ਕਰਦੇ ਹੋਏ ਭਾਰਤ ਲਈ ਆਪਣਾ ਸਮਰਥਨ ਜ਼ਾਹਰ ਕੀਤਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਟੀਕੇ ਲਈ ਲੋੜੀਂਦੇ ਕੱਚੇ ਮਾਲ ਦੀ ਸਪਲਾਈ ਨਿਰਵਿਘਨ ਹੋਣੀ ਚਾਹੀਦੀ ਹੈ ਤਾਂ ਜੋ ਭਾਰਤ ਵਰਗੇ ਦੇਸ਼ ਬਿਨਾਂ ਕਿਸੇ ਰੁਕਾਵਟ ਦੇ ਵਿਸ਼ਵ ਲਈ ਟੀਕਾ ਤਿਆਰ ਕਰ ਸਕਣ।