ਨਵੀਂ ਦਿੱਲੀ : ਲੋਕ ਜਨਸ਼ਕਤੀ ਪਾਰਟੀ ਦੇ ਛੇ ਲੋਕ ਸਭਾ ਮੈਂਬਰਾਂ ਵਿਚੋਂ ਪੰਜ ਨੇ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਨੂੰ ਸੰਸਦ ਦੇ ਹੇਠਲੇ ਸਦਨ ਵਿਚ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਲਈ ਹੱਥ ਮਿਲਾ ਲਿਆ ਅਤੇ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੂੰ ਇਸ ਅਹੁਦੇ ਲਈ ਚੁਣ ਲਿਆ। ਉਧਰ, ਪਾਰਸ ਨੇ ਸੋਮਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਚੰਗਾ ਆਗੂ ਅਤੇ ‘ਵਿਕਾਸ ਪੁਰਸ਼’ ਦਸਿਆ ਅਤੇ ਇਸ ਦੇ ਨਾਲ ਹੀ ਪਾਰਟੀ ਅੰਦਰ ਵੱਡੀ ਦਰਾੜ ਉਜਾਗਰ ਹੋ ਗਈ ਕਿਉਂਕਿ ਪਾਰਸ ਦੇ ਭਤੀਜੇ ਚਿਰਾਗ ਜੇਡੀਯੂ ਪ੍ਰਧਾਨ ਦੇ ਕੱਟੜ ਆਲੋਚਕ ਰਹੇ ਹਨ। ਹਾਜੀਪੁਰ ਤੋਂ ਸੰਸਦ ਮੈਂਬਰ ਪਾਰਸ ਨੇ ਕਿਹਾ, ‘ਮੈਂ ਪਾਰਟੀ ਨੂੰ ਤੋੜਿਆ ਨਹੀਂ ਸਗੋਂ ਬਚਾਇਆ ਹੈ।’ ਉਨ੍ਹਾਂ ਕਿਹਾ ਕਿ ਪਾਰਟੀ ਦੇ 99 ਫ਼ੀਸਦੀ ਕਾਰਕੁਨ ਪਾਸਵਾਨ ਦੀ ਅਗਵਾਈ ਵਿਚ ਬਿਹਾਰ 2020 ਵਿਧਾਨ ਸਭਾ ਚੋਣਾਂ ਵਿਚ ਜੇਡੀਯੂ ਵਿਰੁਧ ਲੜਨ ਅਤੇ ਖ਼ਰਾਬ ਪ੍ਰਦਰਸ਼ਨ ਤੋਂ ਨਾਖੁਸ਼ ਹਨ। ਪਾਰਸ ਨੇ ਕਿਹਾ ਕਿ ਉਨ੍ਹਾਂ ਦਾ ਗੁਟ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਹਿੱਸਾ ਬਣਿਆ ਰਹੇਗਾ ਅਤੇ ਪਾਸਵਾਨ ਵੀ ਸੰਗਠਨ ਦਾ ਹਿੱਸਾ ਬਣੇ ਰਹਿ ਸਕਦੇ ਹਨ। ਇਸ ਘਟਨਾਕ੍ਰਮ ਮਗਰੋਂ ਚਿਰਾਗ ਅਪਣੇ ਚਾਚੇ ਨੂੰ ਮਿਲਣ ਲਈ ਉਸ ਦੇ ਘਰ ਦਿੱਲੀ ਪਹੁੰਚੇ। ਪਾਸਵਾਨ ਦੇ ਰਿਸ਼ਤੇ ਦੇ ਭਰਾ ਅਤੇ ਸੰਸਦ ਮੈਂਬਰ ਪ੍ਰਿੰਸ ਰਾਜ ਵੀ ਇਸ ਘਰ ਵਿਚ ਰਹਿੰਦੇ ਹਨ। 90 ਮਿੰਟਾਂ ਦੀ ਬੈਠਕ ਤੋਂ ਬਾਅਦ ਪਾਸਵਾਨ ਉਥੇ ਮੀਡੀਆ ਨਾਲ ਗੱਲ ਕਰੇ ਬਿਨਾਂ ਚਲੇ ਗਏ। ਕਿਹਾ ਜਾ ਰਿਹਾ ਹੈ ਕਿ ਇਹ ਸੰਸਦ ਮੈਂਬਰ ਚਿਰਾਗ ਦੇ ਕੰਮਕਾਰ ਦੇ ਤਰੀਕੇ ਤੋਂ ਨਾਖ਼ੁਸ਼ ਹਨ। 2020 ਵਿਚ ਪਿਤਾ ਰਾਮਵਿਲਾਸ ਪਾਸਵਾਨ ਦੇ ਦਿਹਾਂਤ ਤੋਂ ਬਾਅਦ ਲੋਜਪਾ ਦਾ ਕਾਰਜਭਾਰ ਸੰਭਾਲਣ ਵਾਲੇ ਚਿਰਾਗ ਹੁਣ ਪਾਰਟੀ ਵਿਚ ਅਲੱਗ-ਥਲੱਗ ਪੈ ਗਏ ਹਨ। ਉਨ੍ਹਾਂ ਦੇ ਕਰੀਬੀਆਂ ਨੇ ਇਸ ਲਈ ਜਨਤਾ ਦਲ ਯੂਨਾਈਟਿਡ ਨੂੰ ਜ਼ਿੰਮੇਵਾਰ ਦਸਿਆ ਹੈ।