ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਪ੍ਰੋਫ਼ੈਸਰ ਹਰਬੰਸ ਸਿੰਘ ਦੇ 100 ਸਾਲਾ ਜਨਮ-ਸ਼ਤਾਬਦੀ ਸਮਾਗਮ ਨੂੰ ਸਮਰਪਿਤ ਇਕ ਵਿਸ਼ੇਸ਼ ਵੈਬੀਨਾਰ ਆਯੋਜਿਤ ਕੀਤਾ ਗਿਆ।ਡਾ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਨੇ ਦੱਸਿਆ ਕਿ ਪ੍ਰੋਫ਼ੈਸਰ ਹਰਬੰਸ ਸਿੰਘ ਅੰਤਰ-ਰਾਸ਼ਟਰੀ ਪ੍ਰਸਿੱਧੀ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਕਮਿਸ਼ਨ ਦੇ ਮੈਂਬਰ-ਸੈਕਟਰੀ ਸਨ ਜਿਨ੍ਹਾਂ ਨੇ ਸਿੱਖ ਅਧਿਐਨ ਅਤੇ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਵਿਭਿੰਨ ਧਰਮਾਂ ਦੇ ਅਧਿਐਨ ਨਾਲ ਸੰਬੰਧਿਤ ਧਰਮ ਅਧਿਐਨ ਵਿਭਾਗ ਨੂੰ ਸਥਾਪਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਚਾਰ ਭਾਗਾਂ ਵਿਚ ਸਿੱਖ ਧਰਮ ਵਿਸ਼ਵਕੋਸ਼ ਤਿਆਰ ਕੀਤਾ। ਉਨ੍ਹਾਂ ਦੀ ਯਾਦ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਿੱਖ ਵਿਸ਼ਵਕੋਸ਼ ਵਿਭਾਗ ਕਾਇਮ ਕੀਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡੀਨ ਕਾਲਜਿਜ਼ ਡਾ. ਜਗਰੂਪ ਕੌਰ ਨੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪ੍ਰੋਫ਼ੈਸਰ ਹਰਬੰਸ ਸਿੰਘ 20ਵੀਂ ਸਦੀ ਦੀ ਉੱਘੀ ਅਕਾਦਮਿਕ ਸ਼ਖ਼ਸੀਅਤ ਸਨ ਜਿਨ੍ਹਾਂ ਦੀ ਜਨਮ-ਸ਼ਤਾਬਦੀ ਮਨਾਉਣਾ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ। ਡਾ. ਗੁਰਬਚਨ ਸਿੰਘ ਨਈਅਰ ਨੇ ਪ੍ਰੋਫ਼ੈਸਰ ਹਰਬੰਸ ਸਿੰਘ ਨਾਲ ਸਾਂਝ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਹਰ ਕਾਰਜ ਬਹੁਤ ਸੁਚੱਜੇ ਢੰਗ ਨਾਲ ਕਰਦੇ ਸਨ। ਹਰ ਤੱਥ ਦੀ ਗਹਿਰਾਈ ਵਿਚ ਜਾ ਕੇ ਘੋਖ ਪੜਤਾਲ ਕਰਦੇ ਸਨ ਅਤੇ ਇਸ ਦੀ ਮਿਸਾਲ ਉਹਨਾਂ ਦੀਅ ਰਚਨਾਵਾਂ ਅਤੇ ਜੀਵਨ ਘਟਨਾਵਾਂ ਵਿਚੋਂ ਦੇਖਣ ਨੂੰ ਮਿਲਦੀ ਹੈ।
ਸਿੱਖ ਧਰਮ ਵਿਸ਼ਵਕੋਸ਼ ਦੇ ਪੂਰਵ ਮੁੱਖ ਸੰਪਾਦਕ ਡਾ. ਧਰਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪ੍ਰੋਫ਼ੈਸਰ ਹਰਬੰਸ ਸਿੰਘ ਨਾਲ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਹੈ ਜਿਸ ਕਰਕੇ ਉਹਨਾਂ ਦੇ ਮਨ ਵਿਚ ਪ੍ਰੋਫ਼ੈਸਰ ਸਾਹਿਬ ਦੀਆਂ ਬਹੁਤ ਸਾਰੀਆਂ ਯਾਦਾਂ ਕਾਇਮ ਹਨ। ਸਰਕਾਰ ਵੱਲੋਂ ਪ੍ਰੋਫ਼ੈਸਰ ਸਾਹਿਬ ਨੂੰ ਵਾਈਸ-ਚਾਂਸਲਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਪਰ ਉਹਨਾਂ ਨੇ ਇਸ ਪਦਵੀ ਨਾਲੋਂ ਸਿੱਖ ਧਰਮ ਵਿਸ਼ਵਕੋਸ਼ ਦੇ ਕਾਰਜ ਨੂੰ ਪਹਿਲ ਦਿੱਤੀ ਅਤੇ ਆਪਣੇ ਜੀਵਨ ਦੇ ਅੰਤਿਮ ਪਲ ਤੋਂ ਪਹਿਲਾਂ ਇਸ ਨੂੰ ਸੰਪੂਰਨ ਕਰ ਕੇ ਪ੍ਰੈਸ ਵਿਚ ਭੇਜ ਦਿੱਤਾ ਸੀ। ਇਹ ਉਹਨਾਂ ਦੀ ਅਕਾਦਿਮਕ ਕਾਰਜਾਂ ਪ੍ਰਤੀ ਦ੍ਰਿੜਤਾ ਅਤੇ ਨਿਸ਼ਠਾ ਦਾ ਪ੍ਰਤੀਕ ਸੀ।
ਡਾ. ਰਾਜਿੰਦਰ ਕੌਰ ਰੋਹੀ ਨੇ ਦੱਸਿਆ ਕਿ ਪ੍ਰੋਫ਼ੈਸਰ ਹਰਬੰਸ ਸਿੰਘ ਜਿੰਨੀ ਵੱਡੀ ਅਕਾਦਮਿਕ ਸ਼ਖ਼ਸੀਅਤ ਸਨ ਬੱਚਿਆਂ ਨਾਲ ਉਹਨਾਂ ਦਾ ਪਿਆਰ ਵੀ ਉਸ ਤੋਂ ਵਧੇਰੇ ਸੀ। ਪੰਜਾਬੀ ਯੂਨੀਵਰਸਿਟੀ ਨੂੰ ਹਾਰਵਰਡ ਨਾਲ ਜੋੜਨ ਵਾਲੀ ਸ਼ਖ਼ਸੀਅਤ ਨੂੰ ਯਾਦ ਕਰਨਾ ਉਹਨਾਂ ਦੀ ਅਕਾਦਮਿਕ ਉਚਾਈ ਦੀ ਮਿਸਾਲ ਪੇਸ਼ ਕਰਦੀ ਹੈ। ਕੈਨੇਡਾ ਤੋਂ ਡਾ. ਬਲਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪ੍ਰੋਫ਼ੈਸਰ ਸਾਹਿਬ ਦਾ ਦੇਸ਼-ਵਿਦੇਸ਼ ਦੀਆਂ ਸਿੱਖ ਸ਼ਖ਼ਸੀਅਤਾਂ ਵਿਚ ਉੱਘਾ ਨਾਂ ਹੈ ਅਤੇ ਸਿੱਖ ਅਧਿਐਨ ਦਾ ਖੋਜ ਕਾਰਜ ਕਰਦਿਆਂ ਉਹਨਾਂ ਦੁਆਰਾ ਪ੍ਰਦਾਨ ਕੀਤਾ ਗਿਆ ਸਹਿਯੋਗ ਮੇਰੀ ਸਦੀਵੀ ਯਾਦ ਦਾ ਹਿੱਸਾ ਹੈ।
ਡਾ. ਜਸਪ੍ਰੀਤ ਕੌਰ ਸੰਧੂ ਨੇ ਵੈਬੀਨਾਰ ਵਿਚ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿਚ ਡਾ. ਜਸਬੀਰ ਸਿੰਘ ਸਰਨਾ, ਡਾ. ਕੰਵਲਜੀਤ ਸਿੰਘ, ਡਾ. ਮੁਹੰਮਦ ਹਬੀਬ, ਡਾ. ਰਿਤੁ ਰਾਜ, ਡਾ. ਜਸਵਿੰਦਰ ਸਿੰਘ, ਡਾ. ਗੁਰਜਿੰਦਰ ਸਿੰਘ, ਸ. ਭੁਪਿੰਦਰਪਾਲ ਸਿੰਘ, ਸ. ਸੁਰਿੰਦਰ ਸਿੰਘ ਆਦਿ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।