ਪਟਨਾ: ਲੋਕ ਜਨ ਸ਼ਕਤੀ ਪਾਰਟੀ ਵਿਚ ਦੋਫਾੜ ਹੋਣ ਮਗਰੋਂ ਪਾਰਸ ਗੁੱਟ ਦੀ ਕਮਾਨ ਪਸ਼ੂਪਤੀ ਕੁਮਾਰ ਪਾਰਸ ਦੇ ਹੱਥਾਂ ਵਿਚ ਸੌਂਪ ਦਿਤੀ ਗਈ ਹੈ। ਵੀਰਵਾਰ ਨੂੰ ਰਾਸ਼ਟਰੀ ਕਾਰਜਕਾਰਣੀ ਦੀ ਬੈਠਕ ਵਿਚ ਪਾਰਸ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ। ਪਾਰਟੀ ਦੀ ਕਮਾਨ ਸੰਭਾਲਦਿਆਂ ਹੀ ਪਸ਼ੂਪਤੀ ਨੇ ਚਿਰਾਗ ਪਾਸਵਾਨ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਭਤੀਜਾ ਤਾਨਾਸ਼ਾਹ ਹੋ ਜਾਵੇਗਾ ਤਾਂ ਚਾਚਾ ਕੀ ਕਰੇਗਾ? ਇਹ ਲੋਕਤੰਤਰ ਹੈ, ਕੋਈ ਸਾਰੀ ਜ਼ਿੰਦਗੀ ਪ੍ਰਧਾਨ ਨਹੀਂ ਰਹਿ ਸਕਦਾ। ਇਕੋ ਵੇਲੇ ਚਾਰ ਅਹੁਦਿਆਂ ’ਤੇ ਕਾਬਜ਼ ਹੋਣ ਦੇ ਸਵਾਲ ’ਤੇ ਪਾਰਸ ਭੜਕ ਗਏ। ਉਹ ਪ੍ਰੈਸ ਕਾਨਫ਼ਰੰਸ ਛੱਡ ਕੇ ਚਲੇ ਗਏ। ਦਲਿਤ ਸੈਨਾ ਦੇ ਪ੍ਰਧਾਨ ਅਹੁਦੇ ’ਤੇ ਰਹਿਣ ਦੇ ਸਵਾਲ ’ਤੇ ਪਾਰਸ ਨੇ ਕਿਹਾ ਕਿ ਦਲਿਤ ਸੈਨਾ ਅਲੱਗ ਸੰਸਥਾ ਹੈ, ਜਿਸ ਦਿਨ ਮੰਤਰੀ ਅਹੁਦਾ ਲਵਾਂਗਾ, ਉਸ ਦਿਨ ਸੰਸਦੀ ਦਲ ਦੇ ਪ੍ਰਧਾਨ ਦਾ ਅਹੁਦਾ ਛੱਡ ਦਿਆਂਗਾ।
ਉਨ੍ਹਾਂ ਕਿਹਾ ਕਿ ਚੋਣਾਂ ਦਾ ਕੰਮ ਸੰਪੰਨ ਹੋ ਗਿਆ ਹੈ। ਮੇਰੇ ਦਲ ਦੇ ਲੋਕਾਂ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿਤੀ ਹੈ। ਵੱਡੇ ਭਰਾ ਦਾ ਸੁਪਨਾ ਸੀ ਕਿ ਸਮਾਜ ਵਿਚ ਹਾਸ਼ੀਏ ’ਤੇ ਪੁੱਜੇ ਹਰ ਵਰਗ ਦੀ ਤਰੱਕੀ ਲਈ ਯਤਨ ਹੋਵੇ। ਜ਼ਿਕਰਯੋਗ ਹੈ ਕਿ ਪਾਰਸ ਨੇ ਅਪਣੇ ਭਤੀਜੇ ਚਿਰਾਗ ਪਾਸਵਾਨ ਵਿਰੁਧ ਬਗਾਵਤ ਕਰ ਦਿਤੀ ਸੀ ਅਤੇ ਪਾਰਟੀ ਦੇ ਪੰਜ ਸੰਸਦ ਮੈਂਬਰਾਂ ਵਿਚੋਂ ਚਾਰ ਨੇ ਪਾਰਸ ਦੀ ਹਮਾਇਤ ਕੀਤੀ ਹੈ। ਚਿਰਾਗ ਦੇ ਪਿਤਾ ਰਾਮਵਿਲਾਸ ਪਾਸਵਾਨ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ।