ਨਵੀਂ ਦਿੱਲੀ: ਸਤਯਾ ਨਡੇਲਾ ਮਿਹਨਤ ਦੇ ਦਮ ’ਤੇ ਮਾਈਕਰੋਸਾਫ਼ਟ ਦੇ ਸੀਈਓ ਤੋਂ ਚੇਅਰਮੈਨ ਬਣ ਗਏ ਹਨ। ਭਾਰਤੀ ਮੂਲ ਦੇ ਸਤਯਾ ਨਡੇਲਾ ਨੁੰ ਮਾਈਕਰੋਸਾਫ਼ਟ ਨੇ ਵੱਡੀ ਤਰੱਕੀ ਦਿਤੀ ਹੈ। ਕੰਪਨੀ ਨੇ 16 ਜੂਨ ਨੂੰ ਸੀਈਓ ਨਡੇਲਾ ਨੂੰ ਬਤੌਰ ਚੇਅਰਮੈਨ ਨਿਯੁਕਤ ਕੀਤਾ ਹੈ। ਨਡੇਲਾ ਨੂੰ ਸਾਲ 2014 ਵਿਚ ਮਾਈਕਰੋਸਾਫ਼ਟ ਦਾ ਸੀਈਓ ਬਣਾਇਆ ਗਿਆ ਸੀ। ਉਨ੍ਹਾਂ ਨੇ ਸਟੀਵ ਬਾਲਮਰ ਦੀ ਥਾਂ ਲਈ ਸੀ। ਹੁਦ ਉਹ ਜਾਨ ਥਾਂਪਸਨ ਦੀ ਥਾਂ ਲੈਣਗੇ ਜਿਹੜੇ ਹੁਣ ਪ੍ਰਮੁੱਖ ਆਜ਼ਾਦ ਨਿਰਦੇਸ਼ਕ ਬਣ ਗਏ ਹਨ। ਸਫ਼ਲਤਾ ਕਿਵੇਂ ਹਾਸਲ ਕੀਤੀ ਜਾਂਦੀ ਹੈ, ਇਸ ਦੀ ਮਿਸਾਲ ਨਡੇਲਾ ਤੋਂ ਮਿਲਦੀ ਹੈ। ਉਨ੍ਹਾਂ ਦਾ ਜਨਮ ਹੈਦਰਾਬਾਦ ਵਿਚ ਹੋਇਆ। ਪਿਤਾ ਪ੍ਰਸ਼ਾਸਨਿਕ ਅਧਿਕਾਰੀ ਸਨ ਅਤੇ ਮਾਂ ਸੰਸਕ੍ਰਿਤ ਦੀ ਲੈਕਚਰਾਰ ਸੀ। ਮਨੀਪਾਲ ਯੂਨੀਵਰਸਿਟੀ ਤੋਂ ਇੰਜਨੀਅਰਿੰਗ ਕਰਨ ਮਗਰੋਂ ਨਡੇਲਾ 1988 ਵਿਚ ਅਮਰੀਕਾ ਚਲੇ ਗਏ ਸਨ। ਉਥੇ ਉਚ ਸਿਖਿਆ ਪੂਰੀ ਕਰਨ ਮਗਰੋਂ ਉਹ ਮਾਈਕਰੋਸਾਫ਼ਟ ਨਾਲ ਜੁੜ ਗਏ ਅਤੇ ਤਦ ਤੋਂ ਇਸੇ ਕੰਪਨੀ ਵਿਚ ਹਨ। ਨਡੇਲਾ ਕੁਝ ਕਰਮਚਾਰੀਆਂ ਵਿਚੋਂ ਇਕ ਸਨ ਜਿਨ੍ਹਾਂ ਨੇ ਫ਼ਰਮ ਨੂੰ ਕਲਾਊਡ ਕੰਪਿਊਟਿੰਗ ਦੇ ਵਿਕਾਸ ਦਾ ਸੁਝਾਅ ਦਿਤਾ ਸੀ। ਹੌਲੀ ਹੌਲੀ ਉਹ ਅਪਣੇ ਕੰਮ ਦੀ ਲਗਨ ਕਾਰਨ ਤਰੱਕੀ ਹਾਸਲ ਕਰਦੇ ਗਏ। 22 ਸਾਲਾਂ ਤਕ ਕੰਪਨੀ ਵਿਚ ਕੰਮ ਕਰਨ ਮਗਰੋਂ ਉਨ੍ਹਾਂ ਨੂੰ 2014 ਵਿਚ ਕੰਪਨੀ ਦਾ ਸੀਈਓ ਬਣਾਇਆ ਗਿਆ। ਨਡੇਲਾ ਦਾ ਵਿਆਹ ਅਨੁਪਮਾ ਨਾਲ 1992 ਵਿਚ ਹੋਇਆ ਜੋ ਉਨ੍ਹਾਂ ਦੇ ਪਿਤਾ ਦੇ ਦੋਸਤ ਦੀ ਬੇਟੀ ਸੀ। ਉਨ੍ਹਾਂ ਦੇ ਘਰ ਤਿੰਨ ਬੱਚੇ ਹੋਏ ਜਿਨ੍ਹਾਂ ਵਿਚ ਦੋ ਬੇਟੀਆਂ ਹਨ। ਇਸ ਵੇਲੇ ਉਹ ਵਾਸ਼ਿੰਗਟਨ ਦੇ ਵੇਲੇਯੁ ਵਿਚ ਰਹਿੰਦੇ ਹਨ। ਖ਼ਾਲੀ ਸਮੇਂ ਵਿਚ ਨਡੇਲਾ ਕਵਿਤਾ ਪੜ੍ਹਨੀ ਪਸੰਦ ਕਰਦੇ ਹਨ। ਉਹ ਕਵਿਤਾ ਦੀ ਤੁਲਨਾ ਕੋਡਿੰਗ ਨਾਲ ਕਰਦੇ ਹਨ।