ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਅਤੇ ਭਾਰਤ ਵਿਚ ਉਸ ਦੇ ਮਾੜੇ ਪ੍ਰਭਾਵ ਦੇ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਕਾਇਮ ਹੈ। ਅਮਰੀਕੀ ਡੇਟਾ ਇੰਟੈਲੀਜੈਂਸ ਫ਼ਰਮ ਮਾਨੀਟਰਿੰਗ ਕੰਸਲਟ ਦੇ ਸਰਵੇ ਵਿਚ ਵਿਸ਼ਵ ਆਗੂਆਂ ਦੀ ਰੈਂਕਿੰਗ ਵਿਚ ਮੋਦੀ ਸਿਖਰ ’ਤੇ ਹਨ। ਉਨ੍ਹਾਂ ਦੀ ਮਕਬੂਲੀਅਤ ਨੂੰ 100 ਵਿਚੋਂ 66 ਫ਼ੀਸਦੀ ਨੰਬਰ ਮਿਲੇ ਹਨ। ਇਸ ਸਰਵੇ ਵਿਚ ਅਮਰੀਕਾ, ਬ੍ਰਿਟੇਨ, ਰੂਸ, ਆਸਟਰੇਲੀਆ, ਕੈਨੇਡਾ, ਬ੍ਰਾਜ਼ੀਲ, ਫ਼ਰਾਂਸ ਅਤੇ ਜਰਮਨੀ ਸਮੇਤ 13 ਦੇਸ਼ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਸਰਵੇ ਵਿਚ ਦਸਿਆ ਗਿਆ ਹੈ ਕਿ ਪਿਛਲੇ ਇਕ ਸਾਲ ਵਿਚ ਮੋਦੀ ਦੀ ਮਕਬੂਲੀਅਤ ਵਿਚ 20 ਫ਼ੀਸਦੀ ਕਮੀ ਆਈ ਹੈ। ਫਿਰ ਵੀ ਜੂਨ ਦੀ ਸ਼ੁਰੂਆਤ ਤਕ 66 ਫ਼ੀਸਦੀ ਲੋਕ ਮੋਦੀ ਨੂੰ ਪਸੰਦ ਕਰਦੇ ਹਨ। ਸਰਵੇ ਵਿਚ ਭਾਰਤ ਦੇ 2126 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿਚ 28 ਫ਼ੀਸਦੀ ਨੇ ਮੋਦੀ ਦੀ ਲੋਕਪ੍ਰਿਯਤਾ ਨੂੰ ਅਸਵੀਕਾਰ ਕੀਤਾ। ਸਰਵੇ ਵਿਚ ਸਿਰਫ਼ ਤਿੰਨ ਦੇਸ਼ਾਂ ਦੇ ਆਗੂਆਂ ਦੀ ਰੇਟਿੰਗ 60 ਦੇ ਉਪਰ ਹੈ। ਸਰਵੇ ਵਿਚ ਮੋਦੀ ਦੇ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰੈਗੀ ਦਾ ਨੰਬਰ ਹੈ। ਉਨ੍ਹਾਂ ਦੀ ਰੇਟਿੰਗ 65 ਫ਼ੀਸਦੀ ਹੈ। ਇਸ ਦੇ ਬਾਅਦ ਤੀਜੇ ਨੰਬਰ ’ਤੇ ਮੈਕਸਿਕੋ ਦੇ ਰਾਸ਼ਟਰਪਤੀ ਲੋਪੇਜ ਅੋਬ੍ਰੇਡੋਰ ਹਨ। ਇਨ੍ਹਾਂ ਦੀ ਰੇਟਿੰਗ 63 ਫ਼ੀਸਦੀ ਹੈ। ਇਹ ਕੰਪਨੀ ਅਮਰੀਕਾ, ਭਾਰਤ, ਫ਼ਰਾਂਸ, ਜਾਪਾਨ, ਆਸਟਰੇਲੀਆ, ਕੈਨੇਡਾ, ਬ੍ਰਾਜ਼ੀਲ, ਜਰਮਨੀ, ਇਟਲੀ, ਜਰਮਨ, ਮੈਕਸਿਕੋ, ਦਖਣੀ ਕੋਰੀਆ, ਸਪੇਨ ਅਤੇ ਬ੍ਰਿਟੇਨ ਦੇ ਆਗੂਆਂ ਦੀ ਪ੍ਰਵਾਨਗੀ ਦਰਜਾਬੰਦੀ ਟਰੈਕ ਕਰਦਾ ਹੈ ਅਤੇ ਹਰ ਹਫ਼ਤੇ ਨਵੇਂ ਡੇਟਾ ਨਾਲ ਅਪਣਾ ਪੇਜ ਅਪਡੇਟ ਕਰਦਾ ਹੈ।