ਰੋਹਤਕ : ਹਰਿਆਣਾ ਦੇ ਰੋਹਤਕ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੀਜੀਆਈਐਮਐਸ ਵਿਚ ਇਕ ਬੱਚਾ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਜੰਗ ਲੜ ਰਿਹਾ ਹੈ। ਮਾਤਾ-ਪਿਤਾ ਬੱਚੇ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਤੋਂ ਬਾਅਦ ਗ਼ਾਇਬ ਹੋ ਗਏ। ਬੱਚੇ ਨੂੰ ਪੀਜੀਆਈ ਦੇ ਟਰਾਮਾ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਹ ਅਪਣੇ ਮਾਪਿਆਂ ਦੇ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ। ਹਸਪਤਾਲ ਵਿਚ ਦਾਖ਼ਲ ਹੋਣ ਸਮੇਂ, ਪਰਵਾਰਕ ਮੈਂਬਰਾਂ ਨੇ ਗ਼ਲਤ ਜਾਣਕਾਰੀ ਦਰਜ ਕਰਵਾਈ ਸੀ। ਫਿਲਹਾਲ ਪੁਲਿਸ ਅਤੇ ਪੀਜੀਆਈ ਪ੍ਰਸ਼ਾਸਨ ਬੱਚੇ ਦੇ ਪਰਵਾਰ ਨੂੰ ਲੱਭ ਰਿਹਾ ਹੈ।
3 ਜੂਨ ਨੂੰ ਇਕ ਜੋੜਾ ਅਪਣੇ 4 ਸਾਲ ਦੇ ਬੱਚੇ ਦੇ ਇਲਾਜ ਲਈ ਪੀਜੀਆਈ ਦੇ ਪੀਡੀਆਟਿ੍ਰਕ ਵਿਭਾਗ ਵਿਚ ਆਇਆ ਸੀ। ਇਲਾਜ ਦੇ ਸਮੇਂ, ਬੱਚੇ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰੀਪੋਰਟ ਪਾਜ਼ੇਟਿਵ ਆਈ ਸੀ। ਬੱਚੇ ਦੇ ਕੋਰੋਨਾ ਵਿਚ ਲਾਗ ਹੋਣ ਕਾਰਨ ਉਸ ਨੂੰ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ। ਪੀਜੀਆਈ ਦੇ ਆਈਸੀਯੂ ਇੰਚਾਰਜ ਡਾ. ਸੁਰੇਸ਼ ਸਿੰਘਲ ਅਨੁਸਾਰ ਬੱਚੇ ਦੀ ਹਾਲਤ ਬਹੁਤ ਗੰਭੀਰ ਸੀ। ਇਸ ਦੌਰਾਨ ਬੱਚੇ ਦੇ ਨਾਲ ਆਏ ਉਸ ਦੇ ਮਾਪੇ ਉਸ ਨੂੰ ਬੀਮਾਰ ਹਾਲਤ ਹਸਪਤਾਲ ਵਿਚ ਛੱਡ ਗਏ।
ਪੀਜੀਆਈ ਪ੍ਰਸ਼ਾਸਨ ਅਨੁਸਾਰ ਬੱਚੇ ਨੂੰ ਦਾਖ਼ਲ ਕਰਵਾਉਣ ਵੇਲੇ ਪਰਵਾਰਕ ਮੈਂਬਰਾਂ ਨੇ ਗ਼ਲਤ ਜਾਣਕਾਰੀ ਦਿਤੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀਜੀਆਈ ਪੁਲਿਸ ਨੂੰ ਸੂਚਨਾ ਦਿਤੀ ਗਈ। ਪੀ.ਜੀ.ਆਈ. ਡਾਕਟਰ ਸੁਰੇਸ਼ ਸਿੰਘਲ ਨੇ ਦਸਿਆ ਕਿ ਬੱਚੇ ਨੂੰ ਫ਼ੇਫੜਿਆਂ ਵਿਚ ਸੰਕਰਮਣ ਸੀ, ਜਿਸ ਤੋਂ ਬਾਅਦ ਉਸ ਨੂੰ ਬਾਲ ਵਿਭਾਗ ਤੋਂ ਕੋਰੋਨਾ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਸੀ। ਬੱਚੇ ਦਾ ਐਕਸਰੇ ਵੀ ਕੀਤਾ ਗਿਆ ਸੀ ਜਿਸ ਵਿਚ ਇਹ ਪਾਇਆ ਗਿਆ ਕਿ ਬੱਚੇ ਦੇ ਫ਼ੇਫੜਿਆਂ ਵਿਚ ਲਾਗ ਬਹੁਤ ਜ਼ਿਆਦਾ ਹੈ ਅਤੇ ਸਥਿਤੀ ਬਹੁਤ ਗੰਭੀਰ ਹੈ। ਪਰ ਇਸ ਸਮੇਂ ਦੌਰਾਨ ਜਦੋਂ ਮਾਪਿਆਂ ਦੀ ਜ਼ਰੂਰਤ ਸੀ, ਉਹ ਹਸਪਤਾਲ ਵਿਚ ਮੌਜੂਦ ਨਹੀਂ ਸਨ।