ਖੰਨਾ : ਖੰਨਾ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੇੜੇ ਜੀ. ਟੀ. ਰੋਡ ਉੱਪਰ ਵਾਪਰੇ ਇਕ ਭਿਆਨਕ ਹਾਦਸੇ ’ਚ ਮਾਂ-ਪੁੱਤ ਅਤੇ ਮਾਸੂਮ ਬੱਚੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਖੰਨਾ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਰਾਜੂ ਆਪਣੀ ਮਾਂ ਅਤੇ ਭਤੀਜੀ ਨਾਲ ਮੋਟਰਸਾਈਕਲ ਉੱਪਰ ਦੋਰਾਹਾ ਵਿਖੇ ਰਿਸ਼ਤੇਦਾਰ ਦਾ ਹਾਲਚਾਲ ਪੁੱਛਣ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ਵਿਚ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ’ਤੇ ਸਵਾਰ ਬੱਚੀ ਗੰਭੀਰ ਜ਼ਖਮੀ ਹੋ ਗਈ ਸੀ। ਜਿਸ ਦੀ ਦੋਰਾਹਾ ਦੇ ਨਿੱਜੀ ਹਸਪਤਾਲ ’ਚ ਮੌਤ ਹੋਈ। ਉਥੇ ਹੀ ਮੌਕੇ ’ਤੇ ਪੁੱਜੇ ਥਾਣੇਦਾਰ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਲਾਸ਼ਾਂ ਕਬਜ਼ੇ ’ਚ ਲੈ ਲਈਆਂ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।