ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਵਿਡ-19 ਮਹਾਂਮਾਰੀ ਨਾਲ ਜੁੜੇ ਸਰਕਾਰ ਦੇ ਪ੍ਰਬੰਧਨ ਸਬੰਧੀ ਪਾਰਟੀ ਵਲੋਂ ‘ਸਫ਼ੈਦ ਪੱਤਰ’ ਜਾਰੀ ਕੀਤਾ ਅਤੇ ਕੇਂਦਰ ਨੂੰ ਚੇਤਾਵਨੀ ਦਿਤੀ ਕਿ ਕੋਵਿਡ ਦੀ ਤੀਜੀ ਲਹਿਰ ਦੇ ਖ਼ਦਸ਼ੇ ਨੂੰ ਵੇਖਦਿਆਂ ਪੂਰੀ ਤਿਆਰੀ ਕੀਤੀ ਜਾਵੇ ਅਤੇ ਟੀਕਾਕਰਨ ਤੇਜ਼ ਗਤੀ ਨਾਲ ਚਲਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਗ਼ਰੀਬਾਂ ਨੂੰ ਆਰਥਕ ਮਦਦ ਦਿਤੀ ਜਾਣੀ ਚਾਹੀਦੀ ਹੈ ਅਤੇ ਕੋਵਿਡ ਪ੍ਰਭਾਵਤ ਪਰਵਾਰਾਂ ਨੂੰ ਮਦਦ ਦੇਣ ਲਈ ਕੋਵਿਡ ਮੁਆਵਜ਼ਾ ਫ਼ੰਡ ਸਥਾਪਤ ਕੀਤਾ ਜਾਵੇ। ਕਾਂਗਰਸ ਦੁਆਰਾ ਜਾਰੀ ਸਫ਼ੈਦ ਪੱਤਰ ਵਿਚ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਕੇਂਦਰ ਸਰਕਾਰ ਦੀਆਂ ਕਥਿਤ ਗ਼ਲਤੀਆਂ ਅਤੇ ਕੁਪ੍ਰਬੰਧਨਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿਚ ਕੋਰੋਨਾ ਦੇ ਕੰਟਰੋਲ ਨਾਲ ਜੁੜੇ ਕਦਮਾਂ ਦੀ ਸਮੀਖਿਆ ਲਈ ਸਰਬਪਾਰਟੀ ਕਮੇਟੀ ਬਣਾਉਣ, ਗ਼ਰੀਬਾਂ ਦੀ ਆਰਥਕ ਮਦਦ ਕਰਨ, ਕੋਵਿਡ ਪ੍ਰਭਾਵਤ ਪਰਵਾਰਾਂ ਨੂੰ ਚਾਰ ਚਾਰ ਲੱਖ ਰੁਪਏ ਦੀ ਮਦਦ ਕਰਨ ਅਤੇ ਰਾਜਾਂ ਨੂੰ ਨਿਆਂਸੰਗਤ ਅਤੇ ਉਚਿਤ ਮਾਤਰਾ ਵਿਚ ਟੀਕੇ ਉਪਲਭਧ ਕਰਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਰਾਹੁਲ ਨੇ ਕਿਹਾ, ‘ਇਸ ਸਫ਼ੈਦ ਪੱਤਰ ਦਾ ਟੀਚਾ ਸਰਕਾਰ ’ਤੇ ਉਂਗਲੀ ਚੁਕਣਾ ਨਹੀਂ ਹੈ। ਅਸੀਂ ਸਰਕਾਰ ਦੀਆਂ ਗਲਤੀਆਂ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ ਤਾਕਿ ਆਉਣ ਵਾਲੇ ਸਮੇਂ ਵਿਚ ਗ਼ਲਤੀਆਂ ਨੂੰ ਠੀਕ ਕੀਤਾ ਜਾ ਸਕੇ।’ ਉਨ੍ਹਾਂ ਦਾਅਵਾ ਕੀਤਾ ਕਿ ਕੋਵਿਡ ਮਹਾਂਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਸਰਕਾਰ ਦਾ ਪ੍ਰਬੰਧਨ ਤਰਾਸਦੀਪੂਰਨ ਰਿਹਾ ਹੈ ਅਤੇ ਇਸੇ ਕਾਰਨ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਜਦਕਿ ਸਮਾਂ ਰਹਿੰਦੇ ਕਦਮ ਚੁੱਕ ਕੇ ਇਸ ਨੂੰ ਰੋਕਿਆ ਜਾ ਸਕਦਾ ਸੀ। ਰਾਹੁਲ ਨੇ ਕਿਹਾ, ‘ਪੂਰਾ ਦੇਸ਼ ਜਾਣਦਾ ਹੈ ਕਿ ਦੂਜੀ ਲਹਿਰ ਤੋਂ ਪਹਿਲਾਂ ਸਾਡੇ ਵਿਗਿਆਨੀਆਂ ਅਤੇ ਡਾਕਟਰਾਂ ਨੇ ਦੂਜੀ ਲਹਿਰ ਦੀ ਗੱਲ ਕਤੀ ਸੀ। ਉਸ ਸਮੇਂ ਸਰਕਾਰ ਨੂੰ ਜੋ ਕਦਮ ਚੁਕਣੇ ਚਾਹੀਦੇ ਸਨ, ਜੋ ਵਿਹਾਰ ਹੋਣਾ ਚਾਹੀਦਾ ਸੀ, ਉਹ ਵੇਖਣ ਨੂੰ ਨਹੀਂ ਮਿਲਿਆ। ਇਸ ਦੇ ਬਾਅਦ ਦੂਜੀ ਲਹਿਰ ਦਾ ਸਾਡੇ ਸਾਰਿਆਂ ’ਤੇ ਅਸਰ ਹੋਇਆ।