ਨਵੀਂ ਦਿੱਲੀ : ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੁੂਆਂ ਵਿਚ ਸ਼ੁਮਾਰ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਟਿਕੈਤ ਨੇ ਕੇਂਦਰ ’ਤੇ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਨੂੰ ਅਣਸੁਣਿਆ ਕਰ ਰਹੀ ਹੈ ਅਤੇ ਅਜਿਹਾ ਕਰਦਿਆਂ ਉਸ ਨੂੰ ਸ਼ਰਮ ਵੀ ਨਹੀਂ ਆ ਰਹੀ। ਰਾਕੇਸ਼ ਟਿਕੈਤ ਨੇ ਕਿਹਾ, ‘ਇਹ 4 ਲੱਖ ਟਰੈਕਟਰ ਅਤੇ 25 ਲੱਖ ਲੋਕ ਇਥੇ ਹਨ। ਇਹ ਟਰੈਕਟਰ ਇਸੇ ਦੇਸ਼ ਦੇ ਹਨ, ਅਫ਼ਗ਼ਾਨਿਸਤਾਨ ਤੋਂ ਨਹੀਂ ਆਏ। ਅਸੀਂ ਪਿਛਲੇ 7 ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਹਾਂ, ਕੀ ਸਰਕਾਰ ਨੂੰ ਏਨੀ ਵੀ ਸ਼ਰਮ ਨਹੀਂ ਕਿ ਉਹ ਕਿਸਾਨਾਂ ਦੀ ਗੱਲ ਸੁਣੇ। ਲੋਕਤੰਤਰ ਇਸ ਤਰ੍ਹਾਂ ਕੰਮ ਨਹੀਂ ਕਰਦਾ।’ ਇਸ ਤੋਂ ਪਹਿਲਾਂ ਟਿਕੈਤ ਨੇ ਸੋਸ਼ਲ ਮੀਡੀਆ ਜ਼ਰੀਏ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਸੀ ਕਿ 4 ਲੱਖ ਟਰੈਕਟਰ ਵੀ ਇਥੇ ਹਨ ਅਤੇ 25 ਲੱਖ ਕਿਸਾਨ ਵੀ ਇਥੇ ਹਨ। ਉਨ੍ਹਾਂ ਨੇ ‘ਬਿਲ ਵਾਪਸੀ ਹੀ ਘਰ ਵਾਪਸੀ’ ਦਾ ਨਾਹਰਾ ਦਿਤਾ ਸੀ। ਉਨ੍ਹਾਂ ਕਿਹਾ, ‘ਚਾਰ ਲੱਖ ਟਰੈਕਟਰ ਵੀ ਇਥੇ ਹਨ,25 ਲੱਖ ਕਿਸਾਨ ਵੀ ਇਥੇ ਹੀ ਹਨ ਅਤੇ 26 ਤਰੀਕੇ ਵੀ ਹਰ ਮਹੀਨੇ ਆਉਂਦੀ ਹੈ ਅਤੇ ਇਹ ਸਰਕਾਰ ਯਾਦ ਰੱਖ ਲਵੇ।’ ਜ਼ਿਕਰਯੋਗ ਹੈ ਕਿ ਟਿਕੈਤ ਨੇ ਪਿਛਲੇ ਦਿਨੀਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਮਮਤਾ ਨੇ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਸੀ।