ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ, ‘ਮੇਰਾ ਗੁਨਾਹ-ਮੈਂ ਅਪਣੇ 2 ਕਰੋੜ ਲੋਕਾਂ ਦੇ ਸਾਹਾਂ ਲਈ ਲੜਿਆ।’ ਭਾਜਪਾ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਤੁਸੀਂ ਚੋਣ ਰੈਲੀ ਕਰ ਰਹੇ ਸੀ, ਮੈਂ ਰਾਤ ਭਰ ਜਾਗ ਕੇ ਆਕਸੀਜਨ ਦਾ ਇੰਤਜ਼ਾਮ ਕਰਦਾ ਰਿਹਾ। ਭਾਜਪਾ ਨੇ ਇਸ ਤੋਂ ਪਹਿਲਾਂ ਦੋਸ਼ ਲਾਇਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੇਜਰੀਵਾਲ ਨੇ ਰਾਜਧਾਨੀ ਵਿਚ ਆਕਸੀਜਨ ਦੀ ਲੋੜ ਤੋਂ ਚਾਰ ਗੁਣਾਂ ਵੱਧ ਮੰਗ ਕੀਤੀ ਸੀ ਅਤੇ ਉਨ੍ਹਾਂ ਦੇ ਇਸ ਝੂਠ ਕਾਰਨ ਘੱਟੋ ਘੱਟ 12 ਰਾਜਾਂ ਵਿਚ ਜੀਵਨ ਰਖਿਅਕ ਆਕਸੀਜਨ ਦੀ ਸਪਲਾਈ ਰੁਕੀੇ।
ਕੇਜਰੀਵਾਲ ਨੇ ਕਿਹਾ ਕਿ ਉਹ ਲੋਕਾਂ ਨੂੰ ਆਕਸੀਜਨ ਦਿਵਾਉਣ ਲਈ ਲੜਿਆ, ਗਿੜਗਿੜਾਇਆ। ਲੋਕਾਂ ਨੇ ਆਕਸੀਜਨ ਦੀ ਕਮੀ ਨਾਲ ਅਪਣਿਆਂ ਨੂੰ ਗਵਾਇਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੁਆਰਾ ਦਿੱਲੀ ਵਿਚ ਆਕਸੀਜਨ ਦਾ ਲੇਖਾ-ਜੋਖਾ ਕਰਨ ਲਈ ਕਾਇਮ ਕੀਤੀ ਗਈ ਕਮੇਟੀ ਦੀ ਰੀਪੋਰਟ ਦਾ ਹਵਾਲਾ ਦਿੰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ‘ਚਾਰ ਗੁਣਾਂ ਝੂਠ’ ਬੋਲ ਕੇ ਨਾ ਸਿਰਫ਼ ਘੋਰ ਅਪਰਾਧ ਕੀਤਾ ਸਗੋਂ ਅਪਰਾਧਕ ਲਾਪਰਵਾਹੀ ਕੀਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਦੋਸ਼ ਝੂਠੇ ਹਨ, ਅਜਿਹੀ ਕੋਈ ਰੀਪੋਰਟ ਹੈ ਹੀ ਨਹੀਂ। ਉਨ੍ਹਾਂ ਪਲਟਵਾਰ ਵੀ ਕੀਤਾ ਕਿ ਕਥਿਤ ਰੀਪੋਰਟ ਭਾਜਪਾ ਮੁੱਖ ਦਫ਼ਤਰ ਵਿਚ ਤਿਆਰ ਕੀਤੀ ਗਈ ਹੈ।