ਨਵੀਂ ਦਿੱਲੀ : ਪਹਿਲਵਾਨ ਸਾਗਰ ਦੀ ਹਤਿਆ ਦਾ ਮੁਲਜ਼ਮ ਸੁਸ਼ੀਲ ਕੁਮਾਰ ਨੂੰ ਸ਼ੁਕਰਵਾਰ ਨੂੰ ਮੰਡੋਲੀ ਜੇਲ ਤੋਂ ਤਿਹਾੜ ਜੇਲ ਤਬਦੀਲ ਕੀਤਾ ਗਿਆ। ਇਸ ਦੌਰਾਨ ਪੁਲਿਸ ਵਾਲਿਆਂ ਨੇ ਸੁਸ਼ੀਲ ਕੁਮਾਰ ਨਾਲ ਸੈਲਫ਼ੀ ਲਈ। ਗੰਭੀਰ ਦੋਸ਼ਾਂ ਵਿਚ ਘਿਰਿਆ ਸੁਸ਼ੀਲ ਇਸ ਵਕਤ ਮੁਸਕਰਾਉਂਦੇ ਹੋਏ ਨਜ਼ਰ ਆ ਰਿਹਾ ਸੀ। ਇਸ ਫ਼ੋਟੋ ਦੇ ਸਾਹਮਣੇ ਆਉਣ ਦੇ ਬਾਅਦ ਸਵਾਲ ਉਠਣ ਲੱਗੇ ਹਨ ਕਿ ਕੀ ਉਸ ਨਾਲ ਜੇਲ ਅੰਦਰ ਵਿਸ਼ੇਸ਼ ਵਿਹਾਰ ਕੀਤਾ ਜਾ ਰਿਹਾ ਹੈ।
ਸੁਸ਼ੀਲ ਨੇ ਜੇਲ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਉਸ ਦੀ ਜਾਨ ਨੂੰ ਲਾਰੈਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਗੈਂਗ ਤੋਂ ਖ਼ਤਰਾ ਹੈ। ਸੂਤਰਾਂ ਨੇ ਦਸਿਆ ਕਿ ਮੰਡੋਲੀ ਜੇਲ ਵਿਚ ਸੁਸ਼ੀਲ ਅਪਣੇ ਸੈੱਲ ਵਿਚ ਚਿੰਤਿਤ ਵਿਖਾਈ ਦੇ ਰਿਹਾ ਸੀ। ਉਹ ਦਿਨ ਭਰ ਚੱਕਰ ਕੱਟਦਾ ਰਹਿੰਦਾ ਸੀ। 23 ਮਈ ਨੂੰ ਗ੍ਰਿਫਤਾਰ ਕੀਤੇ ਗਏ ਸੁਸ਼ੀਲ ਦਾ ਪੁਲਿਸ ਰੀਮਾਂਡ 2 ਜੂਨ ਨੂੰ ਖ਼ਤਮ ਹੋਇਆ ਸੀ। ਫਿਰ ਮੰਡੋਲੀ ਜੇਲ ਵਿਚ ਭੇਜਿਆ ਗਿਆ ਸੀ। ਜੇਲ ਵਿਚ ਉਸ ਨੂੰ 14 ਦਿਨਾਂ ਲਈ ਵੱਖਰਾ ਰਖਿਆ ਗਿਆ ਸੀ। ਹੁਣ ਉਸ ਦੀ ਨਿਆਇਕ ਹਿਰਾਸਤ 9 ਜੁਲਾਈ ਤਕ ਵਧਾ ਦਿਤੀ ਗਈ ਹੈ। ਪੁਲਿਸ ਮੁਤਾਬਕ 4 ਮਈ ਨੂੰ ਛਤਰਸਾਲ ਸਟੇਡੀਅਮ ਵਿਚ ਝੜਪ ਹੋਈ ਸੀ। ਇਸ ਦੌਰਾਨ ਗੋਲੀ ਵੀਚੱਲੀ ਜਿਸ ਵਿਚ 5 ਪਹਿਲਵਾਨ ਜ਼ਖ਼ਮੀ ਹੋਏ। ਸਾਗਰ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿਤਾ ਸੀ। ਉਹ ਦਿੱਲੀ ਪੁਲਿਸ ਦੇ ਹੈਡ ਕਾਂਸਟੇਬਲ ਦਾ ਬੇਟਾ ਸੀ। ਇਹ ਝਗੜਾ ਪ੍ਰਾਪਰਟੀ ਕਾਰਨ ਹੋਇਆ ਸੀ।