ਮੁਕੇਰੀਆਂ : ਹੁਸ਼ਿਆਰਪੁਰ ਬਾਲਕ ਮੁਕੇਰੀਆਂ ਦੀ ਛੋਟੀ ਬੱਚੀ ਆਰੋਹੀ ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਲੱਗ ਪਈ ਹੈ। ਆਰੋਹੀ ਮਹਾਜਨ ਨੂੰ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਸੰਸਥਾ ਵੱਲੋਂ ਇਕ ਸਾਲ 7 ਮਹੀਨੇ ਦੀ ਉਮਰ ’ਚ ਸਬਜ਼ੀਆਂ, ਫ਼ਲਾਂ, ਸਰੀਰ ਦੇ ਅੰਗਾਂ, ਮਿਊਜ਼ਿਕ ਇੰਸਟਰੂਮੈਂਟਸ, ਪਸ਼ੂਆਂ ਦੇ ਨਾਂ ਬਹੁਤ ਸੁਚੱਜੇ ਢੰਗ ਨਾਲ ਦੱਸਣ ਤੋਂ ਇਲਾਵਾ ਡਾਂਸ ਦੀ ਵਧੀਆ ਪੇਸ਼ਕਾਰੀ, 4 ਜਾਨਵਰਾਂ ਦੀਆਂ ਆਵਾਜ਼ਾਂ ਕੱਢਣ ਦੇ ਨਾਲ-ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਸਹਿਜੇ ਹੀ ਬੋਲਣ ’ਤੇ ਪ੍ਰਸ਼ੰਸਾ ਪੱਤਰ, ਮੈਡਲ, ਬੈਜ, ਪੈਨ ਤੇ ਪ੍ਰਸ਼ੰਸਾ ਪੱਤਰ ਵਾਲਾ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਦਸ ਦਈਏ ਕਿ ਕਸਬਾ ਭੰਗਾਲਾ ਦੀ ਇਕ ਸਾਲ 9 ਮਹੀਨਿਆਂ ਦੀ ਬੱਚੀ ਆਰੋਹੀ ਮਹਾਜਨ ਨੇ ਆਪਣੀ ਵਿਲੱਖਣ ਪ੍ਰਾਪਤੀ ਸਦਕਾ ਨਾ ਸਿਰਫ ਜ਼ਿਲ੍ਹਾ ਹੁਸ਼ਿਆਰਪੁਰ ਸਗੋਂ ਪੰਜਾਬ ਦਾ ਮਾਣ ਵਧਾਉਂਦਿਆਂ ਆਪਣਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾ ਲਿਆ ਹੈ। ਆਰੋਹੀ ਦੀ ਇਸ ਪ੍ਰਾਪਤੀ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਰਿਵਾਰ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਛੋਟੀ ਜਿਹੀ ਉਮਰ ਵਿਚ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ‘ਚ ਨਾਂ ਦਰਜ ਕਰਵਾਉਣਾ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਲੋਗਨ ‘ਵਿਲੱਖਣ ਪ੍ਰਾਪਤੀ ਵਿਲੱਖਣ ਲੋਕ’ ਤਹਿਤ ਆਰੋਹੀ ਨੇ ਛੋਟੀ ਜਿਹੀ ਉਮਰ ਵਿਚ ਨਿਵੇਕਲੀ ਪੇਸ਼ਕਾਰੀ ਨਾਲ ਨਾਮਣਾ ਖੱਟਦਿਆਂ ਆਪਣੇ ਮਾਪਿਆਂ, ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਇਆ ਹੈ। ਅਪਨੀਤ ਰਿਆਤ ਨੇ ਆਰੋਹੀ ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ਪਹੁੰਚੇ ਪਿਤਾ ਵਿਵੇਕ ਮਹਾਜਨ, ਮਾਤਾ ਮਿਨਾਕਸ਼ੀ ਮਹਾਜਨ ਅਤੇ ਦਾਦੀ ਰਾਧਾ ਗੁਪਤਾ ਨੂੰ ਆਰੋਹੀ ਦੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਾਮਨਾ ਕੀਤੀ ਕਿ ਉਹ ਭਵਿੱਖ ’ਚ ਵੀ ਕਾਮਯਾਬੀ ਦੀਆਂ ਸਿਖਰਾਂ ਛੋਹੇ।