ਸਰਫ਼ਸਾਈਡ: ਅਮਰੀਕਾ ਦੇ ਦਖਣੀ ਫ਼ਲੋਰੀਡਾ ਵਿਚ ਮਿਆਮੀ ਲਾਗੇ ਸਨਿਚਰਵਾਰ ਨੂੰ 12 ਮੰਜ਼ਿਲਾ ਇਮਾਰਤ ਦੇ ਢਹਿਣ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ 156 ਲੋਕ ਲਾਪਤਾ ਹਨ। ਬਚਾਅ ਕਾਮੇ ਜਿਊਂਦੇ ਬਚੇ ਲੋਕਾਂ ਨੂੰ ਮਲਬੇ ਵਿਚ ਲੱਗੀ ਅੱਗ ਅਤੇ ਉਸ ਕਾਰਨ ਉਠ ਰਹੇ ਧੂੰਏਂ ਵਿਚਾਲੇ ਲੱਭ ਰਹੇ ਹਨ। ਮਿਆਮੀ ਡਾਡੇ ਦੀ ਮੇਅਰ ਡੇਨਿਲਾ ਲੇਵਿਨੇ ਨੇ ਦਸਿਆ ਕਿ ਮਲਬੇ ਵਿਚੋਂ ਹੁਣ ਤਕ ਪੰਜ ਜਣਿਆਂ ਦੀਆਂ ਲਾਸ਼ਾਂ ਕਢੀਆਂ ਗਈਆਂ ਹਨ ਅਤੇ 156 ਲੋਕ ਹਾਲੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਤਲਾਸ਼ੀ ਅਤੇ ਬਚਾਅ ਮੁਹਿੰਮ ਤੇਜ਼ ਕਰਨਾ ਹੈ ਤਾਕਿ ਉਨ੍ਹਾਂ ਲੋਕਾਂ ਦੀ ਜਾਨ ਬਚ ਸਕੇ ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ। ਇਸ ਤੋਂ ਪਹਿਲਾਂ ਉਨ੍ਹਾਂ ਦਸਿਆ ਸੀ ਕਿ ਮਲਬੇ ਵਿਚ ਲੱਗੀ ਅੱਗ ਦੀਆਂ ਲਪਟਾਂ ਬਹੁਤ ਤੇਜ਼ ਹਨ ਜਿਸ ਕਾਰਨ ਬਚਾਅ ਮੁਹਿੰਮ ਵਿਚ ਅੜਿੱਕਾ ਪੈ ਰਿਹਾ ਹੈ। ਕਰੇਨ ਨਾਲ 30 ਫ਼ੁਟ ਢੇਰ ਤੋਂ ਮਲਬੇ ਦੇ ਟੁਕੜੇ ਹਟਾਏ ਅਤੇ ਮਸ਼ੀਨਾਂ, ਡਰੋਨ, ਛੋਟੀਆਂ ਬਾਲਟੀਆਂ, ਮਾਈਕਰੋਫ਼ੋਨ ਸਮੇਤ ਕਈ ਉਪਕਰਨਾਂ ਦੀ ਵਰਤੋਂ ਕੀਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਹਰ ਸੰਭਵ ਮਦਦ ਮੁਹਈਆ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਨੇ ਐਲਾਨ ਕੀਤਾ ਕਿ ਉਹ ਢਹੀ ਇਮਾਰਤ ਵਾਂਗ ਹੋਰ 40 ਸਾਲ ਪੁਰਾਣੀਆਂ ਇਮਾਰਤਾਂ ਦੀ ਸਮੀਖਿਆ ਕਰਨਗੇ।