ਅਹਿਮਦਾਬਾਦ: ਹੁਣ ਸੈਲਫ਼ੀ ਲੈਣਾ ਗੁਨਾਹ ਹੋ ਗਿਆ ਹੈ। ਜੇ ਸੈਲਫ਼ੀ ਲੈਂਦੇ ਹੋਏ ਫੜੇ ਗਏ ਤਾਂ ਤੁਹਾਨੂੰ ਸਜ਼ਾ ਦਿਤੀ ਜਾਵੇਗੀ। ਗੁਜਰਾਤ ਦੇ ਸਾਪੁਤਰਾ ਜਾਂ ਡਾਂਗ ਜ਼ਿਲ੍ਹੇ ਦੇ ਕਿਸੇ ਵੀ ਸੈਰ-ਸਪਾਟਾ ਸਥਾਨ ’ਤੇ ਜਾਣ ਤੋਂ ਪਹਿਲਾਂ ਤੁਸੀਂ ਸਾਵਧਾਨ ਹੋ ਜਾਉ ਕਿਉਂਕਿ ਇਥੇ ਸੈਲਫ਼ੀ ਲੈਣ ’ਤੇ ਰੋਕ ਲਾ ਦਿਤੀ ਗਈ ਹੈ। ਗੁਜਰਾਤ ਦੇ ਇਕਮਾਤਰ ਹਿੱਲ ਸਟੇਸ਼ਨ ਵਿਚ ਜੇ ਤੁਸੀਂ ਸੈਲਫ਼ੀ ਲੈਂਦੇ ਹੋਏ ਫੜੇ ਗਏ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਡਾਂਗ ਜ਼ਿਲ੍ਹੇ ਵਿਚ ਪੈਂਦੇ ਸਪੁਤਾਰਾ ਹਿੱਲ ਸਟੇਸ਼ਨ ’ਤੇ ਭਾਰੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਕੋਰੋਨਾ ਵਾਇਰਸ ਲਾਗ ਵਿਚ ਗਿਰਾਵਟ ਆਉਣ ਦੇ ਬਾਅਦ ਇਕ ਵਾਰ ਫਿਰ ਇਥੇ ਸੈਲਾਨੀਆਂ ਦੀ ਭੀੜ ਹੋਣਲੱਗੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ 23 ਜੂਨ ਨੂੰ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਸੈਲਫ਼ੀ ’ਤੇ ਰੋਕ ਲਾ ਦਿਤੀ। ਰੀਪੋਰਟ ਮੁਤਾਬਕ ਡਾਂਗ ਵਿਚ ਇਸ ਤਰ੍ਹਾਂ ਦੀਆਂ ਰੋਕਾਂ ਪਿਛਲੇ ਦੋ ਤਿਨ ਸਾਲਾਂ ਤੋਂ ਸਨ ਅਤੇ ਹੁਣ ਨਵਾਂ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਇਸ ਨੂੰ ਵਾਧਾ ਦਿਤਾ ਗਿਆ ਹੈ। ਹਾਦਸਿਆਂ ਵਿਚ ਕੁਝ ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ। ਇਸ ਨੂੰ ਰੋਕਣ ਲਈ ਹੀ ਇਹ ਫ਼ੈਸਲਾ ਕੀਤਾ ਗਿਆ ਹੈ। ਸੈਲਫ਼ੀ ਲੈਣ ਦੇ ਚੱਕਰ ਵਿਚ ਲੋਕ ਕਿਸੇ ਵੀ ਹੱਦ ਤਕ ਚਲੇ ਜਾਂਦੇ ਹਨ ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ।