ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੇ ਤੌਰ ’ਤੇ ਵਿਰੋਧ ਕਰ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਕਲ ਸਿੱਧੂ ਦੇ ਕਰੀਬੀ ਨੇ ਕਿਹਾ ਸੀ ਕਿ ਸਿੱਧੂ ਦੀ ਸੋਮਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਵੇਗੀ ਪਰ ਅਜਿਹਾ ਨਹੀਂ ਹੋਇਆ। ਰਾਹੁਲ ਦੇ ਘਰ ਦੇ ਬਾਹਰ ਉਡੀਕ ਰਹੇ ਪੱਤਰਕਾਰਾਂ ਨੂੰ ਰਾਹੁਲ ਨੇ ਬਾਹਰ ਜਾਂਦਿਆਂ ਦਸਿਆ ਕਿ ਉਸ ਦੀ ਸਿੱਧੂ ਨਾਲ ਕੋਈ ਮੁਲਾਕਾਤ ਤੈਅ ਨਹੀਂ ਸੀ। ਸ੍ਰੀਮਤੀ ਪ੍ਰਿਅੰਕਾ ਨੇ ਆਪਣੇ ਭਰਾ ਸ੍ਰੀ ਰਾਹੁਲ ਗਾਂਧੀ ਅਤੇ ਮਾਤਾ ਸ੍ਰੀਮਤੀ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਹੈ। ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਮੀਟਿੰਗ ਬਾਰੇ ਜਾਣਕਾਰੀ ਖ਼ੁਦ ਸਿੱਧੂ ਨੇ ਇਕ ਟਵੀਟ ਰਾਹੀਂ ਦਿੱਤੀ ਹੈ। ਆਪਣੇ ਟਵਿੱਟਰ ਹੈਂਡਲ ਤੋਂ ਸ੍ਰੀਮਤੀ ਪ੍ਰਿਅੰਕਾ ਨਾਲ ਇਕ ਸਾਂਝੀ ਤਸਵੀਰ ਜਾਰੀ ਕਰਦਿਆਂ ਸਿੱਧੂ ਨੇ ਕਿਹਾ ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਇਕ ਲੰਬੀ ਮੀਟਿੰਗ ਹੋਈ ਹੈ। ਪਤਾ ਲੱਗਾ ਹੈ ਕਿ ਅੱਜ ਦੀ ਪ੍ਰਿਅੰਕਾ-ਸਿੱਧੂ ਮੀਟਿੰਗ ਲਗਪਗ 3 ਘੰਟੇ ਚੱਲੀ੍ ਦਿਲਚਸਪ ਗੱਲ ਇਹ ਰਹੀ ਕਿ ਸ: ਸਿੱਧੂ ਨਾਲ ਮੀਟਿੰਗ ਦੇ ਅੱਧ ਵਿਚਕਾਰ ਹੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਨੇ ਸ੍ਰੀ ਰਾਹੁਲ ਗਾਂਧੀ ਦੇ ਨਿਵਾਸ ’ਤੇ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉਹ ਸ੍ਰੀ ਰਾਹੁਲ ਗਾਂਧੀ ਦੇ ਤੁਗਲੇਕ ਲੇਨ ਨਿਵਾਸ ’ਤੇ ਲਗਪਗ ਅੱਧਾ ਘੰਟਾ ਰੁਕੇ। ਇਸ ਮਗਰੋਂ ਉਨ੍ਹਾਂ ਨੇ ਆਪਣੇ ਘਰ ਪੁੱਜ ਕੇ ਸ: ਸਿੱਧੂ ਨਾਲ ਮੁਲਾਕਾਤ ਦਾ ਦੂਜਾ ਗੇੜ ਆਰੰਭਿਆ ਕੀਤੀ।ਸਿੱਧੂ ਨੇ ਮੁਲਾਕਾਤ ਮਗਰੋਂ ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਤਾਂ ਉੱਧਰ ਸ੍ਰੀਮਤੀ ਪ੍ਰਿਅੰਕਾ ਗਾਂਧੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ 10 ਜਨਪਥ ’ਤੇ ਪੁੱਜ ਗਏ੍ਟ ਸਮਝਿਆ ਜਾਂਦਾ ਹੈ ਕਿ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੀਆਂ ਅੱਜ ਦੀਆਂ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤਾਂ ਪੰਜਾਬ ਮਾਮਲੇ ਵਿੱਚਲੇ ਵਿਵਾਦ ਅਤੇ ਸਿੱਧੂ ਦੀ ‘ਅਡਜਸਟਮੈਂਟ’ ’ਤੇ ਕੇਂਦਰਿਤ ਰਹੀਆਂ। ਅਜੇ ਇਹ ਸਪਸ਼ਟ ਨਹੀਂ ਹੈ ਕਿ ਅੱਜ ਸ੍ਰੀ ਰਾਹੁਲ ਗਾਂਧੀ ਦੀ ਸਿੱਧੂ ਨਾਲ ਮੁਲਾਕਾਤ ਹੁੰਦੀ ਹੈ ਜਾਂ ਨਹੀਂ। ਸੂਤਰਾਂ ਅਨੁਸਾਰ ਸ: ਸਿੱਧੂ ਨੇ ਸ੍ਰੀ ਰਾਹੁਲ ਗਾਂਧੀ ਹੀ ਨਹੀਂ ਸਗੋਂ ਸ੍ਰੀਮਤੀ ਸੋਨੀਆ ਗਾਂਧੀ ਤੋਂ ਵੀ ਮੁਲਾਕਾਤ ਲਈ ਸਮਾਂ ਮੰਗਿਆ ਹੈ। ਇਸ ਸਾਰੇ ਮਾਮਲੇ ਵਿੱਚ ਮੰਗਲਵਾਰ ਨੂੰ ਇਕ ਨਵਾਂ ਭੰਬਲਭੂਸਾ ਖੜ੍ਹਾ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਖ਼ੁਦ ਮੀਡੀਆ ਨੂੰ ਕਿਹਾ ਸੀ ਕਿ ‘ਨੋ ਮੀਟਿੰਗ ਵਿਦ ਸਿੱਧੂ’ ਅਤੇ ਇਹ ਪੁੱਛੇ ਜਾਣ ’ਤੇ ਕਿ ਕੀ ਕਲ੍ਹ ਭਾਵ ਬੁੱਧਵਾਰ ਨੂੰ ਮੀਟਿੰਗ ਹੋ ਸਕਦੀ ਹੈ, ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਸੀ। ਸ੍ਰੀ ਰਾਹੁਲ ਗਾਂਧੀ ਦੀ ਉਕਤ ਟਿੱਪਣੀ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਸੀ।