ਨਵੀਂ ਦਿੱਲੀ: ਕੋਵੀਸ਼ੀਲਡ ਸਬੰਧੀ ਯੂਰਪੀ ਸੰਘ ਵਿਚ ਘਮਾਸਾਨ ਜਾਰੀ ਹੈ। ਸਵਿਟਜ਼ਰਲੈਂਡ ਅਤੇ ਯੂਰਪੀ ਸੰਘ ਦੇ ਸੱਤ ਦੇਸ਼ਾਂ ਨੇ ਕੋਵੀਸ਼ੀਲਡ ਪ੍ਰਾਪਤ ਲੋਕਾਂ ਨੂੰ ਯਾਤਰਾ ਦੀ ਆਗਿਆ ਦੇ ਦਿਤੀ ਹੈ। ਖ਼ਾਸ ਗੱਲ ਇਹ ਹੈ ਕਿ ਇਕ ਦਿਨ ਪਹਿਲਾਂ ਹੀ ਭਾਰਤ ਨੇ ਰਸਮੀ ਰੂਪ ਵਿਚ ਈਯੂ ਦੇ ਮੈਂਬਰਾਂ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਪਾਸਪੋਰਟ ਲਿਸਟ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਇਲਾਵਾ ਕੇਂਦਰ ਨੇ ਕਿਹਾ ਸੀ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਸ਼ਾਮਲ ਨਾ ਕਰਨ ’ਤੇ ਈਯੂ ਦੇ ਨਾਗਰਿਕਾਂ ਲਈ ਲਾਜ਼ਮੀ ਇਕਾਂਤਵਾਸ ਨਿਯਮ ਲਾਗੂ ਕਰਨੇ ਪੈਣਗੇ। ਪੁਣੇ ਦੀ ਸੀਰਮ ਇੰਸਟੀਚਿਊਟ ਵਿਚ ਤਿਆਰ ਇਸ ਵੈਕਸੀਨ ਦਾ ਟੀਕਾ ਲੈਣ ਵਾਲੇ ਸਵਿਟਜ਼ਰਲੈਂਡ ਵਿਚ ਗ੍ਰੀਨ ਪਾਸ ਹਾਸਲ ਕਰ ਸਕਣਗੇ। ਵੀਰਵਾਰ ਨੂੰ ਆਸਟਰੀਆ, ਜਰਮਨੀ, ਸਲੋਵੇਨੀਆ, ਗ੍ਰੀਸ, ਆਈਲੈਂਡ, ਆਇਰਲੈਂਡ ਅਤੇ ਸਪੇਨ ਨੇ ਕੋਵੀਸ਼ੀਲਡ ਵੈਕਸੀਨ ਨੂੰ ਪ੍ਰਵਾਨਕਰ ਲਿਆ। ਭਾਰਤ ਦੇ ਮੈਬਰ ਦੇਸ਼ਾਂ ਨੂੰ ਕੋਵਿਡ ਪੋਰਟਲ ਜ਼ਰੀਏ ਪ੍ਰਾਪਤ ਵੈਕਸੀਨ ਸਰਟੀਫ਼ੀਕੇਟ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। ਇਸ ਦੌਰਾਨ ਭਾਰਤੀ ਅਧਿਕਾਰੀਆਂ ਨੇ ਕਿਹਾ ਸੀ ਕਿ ਸਰਟੀਫ਼ੀਕੇਟ ਦੀ ਵਾਸਤਵਿਕਤਾ ਨੂੰ ਕੋਵਿਨ ਜ਼ਰੀਏ ਪ੍ਰਮਾਣਤ ਕੀਤਾ ਜਾ ਸਕਦਾ ਹੈ।