ਜੰਮੂ : ਜੰਮੂ ਕਸ਼ਮੀਰ ਵਿਚ ਭਾਰਤ ਪਾਕਿਸਤਾਨ ਸਰਹੱਦ ’ਤੇ ਅੱਜ ਮੁੜ ਤੋਂ ਡਰੋਨ ਵੇਖਿਆ ਗਿਆ। ਬੀ.ਐਸ.ਐਫ਼. ਨੇ ਦਸਿਆ ਕਿ ਸਵੇਰੇ 4.25 ਵਜੇ ਅਰਨਿਆ ਸੈਕਟਰ ਵਿਚ ਪਾਕਿਸਤਾਨ ਵੱਲੋਂ ਇਕ ਡਰੋਨ ਵੇਖਿਆ ਜਿਸ ਨੂੰ ਦੇਖਦਿਆਂ ਹੀ ਬੀ.ਐਸ.ਐਫ਼. ਵੱਲੋਂ ਫ਼ਾਈਰਿੰਗ ਕੀਤੀ ਗਈ ਤਾਂ ਡਰੋਨ ਵਾਪਸ ਪਰਤ ਗਿਆ।ਬੀ.ਐਸ.ਐਫ਼. ਦਾ ਕਹਿਣਾ ਹੈ ਕਿ ਇਹ ਸਰਹੱਦ ’ਤੇ ਨਿਗਰਾਨੀ ਲਈ ਭੇਜਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਜੰਮੂ ਏਅਰਬੇਸ ’ਤੇ ਸੱਭ ਤੋਂ ਪਹਿਲਾਂ ਡਰੋਨ ਨਾਲ ਅਤਿਵਾਦ ਹਮਲਾ ਕੀਤਾ ਗਿਆ ਸੀ ਜਿਸ ਵਿਚ ਦੋ ਜਵਾਨ ਜ਼ਖ਼ਮੀ ਹੋਏ ਸਨ ਅਤੇ ਇਕ ਇਮਾਰਤ ਨੁਕਸਾਨੀ ਗਈ ਸੀ। ਜੰਮੂ ਇਲਾਕੇ ਵਿਚ ਪਿਛਲੇ 7 ਦਿਨ ਤੋਂ ਡਰੋਨ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਕਾਲੂਚਕ ਮਿਲਟਰੀ ਬੇਸ ’ਤੇ ਡਰੋਨ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਸਨ ਅਤੇ ਸੋਮਵਾਰ ਨੂੰ ਸੁੰਜਵਾਨ ਮਿਲਟਰੀ ਸਟੇਸ਼ਨ ’ਤੇ ਦੇਰ ਰਾਤ ਸ਼ੱਕੀ ਡਰੋਨ ਦੀਆਂ ਗਤੀਵਿਧੀਆਂ ਨੋਟ ਕੀਤੀਆਂ ਸਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿੱਚ ਸਰਕਾਰ ਨੇ ਡਰੋਨਾਂ ਦੀਆਂ ਲਗਾਤਾਰ ਵੱਧ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪੰਜਾਬ ਅਤੇ ਜੰਮੂ ਵਿਚ ਕਾਊਂਟਰ ਡਰੋਨ ਨੀਤੀ ਬਣਾਉਣ ਦੀ ਜ਼ਰੂਰਤ ’ਤੇ ਚਰਚਾ ਹੋਈ ਸੀ।