ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਅੱਜ ਸਵੇਰੇ ਦਿੱਲੀ ਦੀ ਤਿਹਾੜ ਜੇਲ ਤੋਂ ਰਿਹਾਅ ਹੋ ਗਏ ਹਨ। ਵੈਸੇ ਤਾਂ ਉਹ ਕੋਰੋਨਾ ਕਾਰਨ ਪਹਿਲਾਂ ਹੀ ਜੇਲ ਤੋਂ ਬਾਹਰ ਸਨ ਪਰ ਅੱਜ ਰਸਮੀ ਤੌਰ ਉਤੇ ਉਹ ਫਿਰ ਜੇਲ ਪਹੁੰਚੇ ਅਤੇ ਕਾਗ਼ਜ਼ੀ ਕਾਰਵਾਈ ਪੂਰੀ ਕਰ ਕੇ ਪੱਕੇ ਤੌਰ ਉਤੇ ਰਿਹਾਅ ਹੋ ਕੇ ਘਰ ਪਰਤ ਗਏ ਹਨ।
ਇਥੇ ਦਸ ਦਈਏ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਜੇਬੀਟੀ ਭਰਤੀ ਘਪਲੇ ਵਿਚ ਦੋਸ਼ੀ ਸਾਬਤ ਹੋਏ ਸਨ ਅਤੇ ਉਨ੍ਹਾਂ ਦਸ ਸਾਲ ਦੀ ਜੇਲ ਦੀ ਸਜ਼ਾ ਅੱਜ ਪੂਰੀ ਕਰ ਲਈ ਹੈ। ਪਿਛਲੇ ਕੁਝ ਦਿਨਾਂ ਤੋਂ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਉਸਦੀ ਰਿਹਾਈ ਲਈ ਲੋੜੀਂਦੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਵਿਚ ਰੁੱਝੇ ਹੋਏ ਸਨ। ਓਮ ਪ੍ਰਕਾਸ਼ ਚੌਟਾਲਾ ਨੂੰ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਵਿਚ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਰਿਹਾ ਕੀਤਾ ਗਿਆ ਸੀ। ਇਸੇ ਲਈ ਅੱਜ ਉਨ੍ਹਾਂ ਦੀ ਪਾਰਟੀ ਦੇ ਵਰਕਰ ਉਨ੍ਹਾਂ ਦਾ ਹਰਿਆਣਾ-ਦਿੱਲੀ ਸਰਹੱਦ 'ਤੇ ਸਵਾਗਤ ਕਰਨਗੇ।
ਧਿਆਨ ਯੋਗ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਪਿਛਲੇ ਕੁਝ ਮਹੀਨਿਆਂ ਤੋਂ ਜੇਬੀਟੀ ਭਰਤੀ ਘੁਟਾਲੇ ਵਿਚ ਆਪਣੀ ਸਜ਼ਾ ਦੇ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਜੇਲ੍ਹ ਤੋਂ ਬਾਹਰ ਸਨ। ਇਸ ਦੌਰਾਨ, ਉਨ੍ਹਾਂ ਦੀ ਸਜ਼ਾ 23 ਜੂਨ ਨੂੰ ਹੀ ਪੂਰੀ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਓਮ ਪ੍ਰਕਾਸ਼ ਚੌਟਾਲਾ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਸ਼ੁੱਕਰਵਾਰ ਸਵੇਰੇ 9.30 ਵਜੇ ਤਿਹਾੜ ਜੇਲ੍ਹ ਪਹੁੰਚੇ। ਉਹ ਰਿਹਾਈ ਫਾਰਮ 'ਤੇ ਦਸਤਖ਼ਤ ਕਰਨ ਤੋਂ ਬਾਅਦ ਸਵੇਰੇ 10.00 ਵਜੇ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਗੁਰੂਗ੍ਰਾਮ ਵਿਚ ਆਪਣੀ ਰਿਹਾਇਸ਼ ਲਈ ਰਵਾਨਾ ਹੋਏ।