ਨਵੀਂ ਦਿੱਲੀ : ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿਤੀ ਹੈ। ਉਨ੍ਹਾਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਕੋਲ ਅਸਤੀਫ਼ੇ ਦੀ ਪੇਸ਼ਕਸ਼ ਕੀਤੀ। ਸੂਤਰਾਂ ਮੁਤਾਬਕ ਅਗਲੇ ਦੋ ਦਿਨਾਂ ਅੰਦਰ ਨਵਾਂ ਮੁੱਖ ਮੰਤਰੀ ਚੁਣਿਆ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦਿੱਲੀ ਵਿਚ ਰੁਕੇ ਹੋਏ ਸਨ । ਪਿਛਲੇ ਚੌਵੀ ਘੰਟਿਆਂ ਅੰਦਰ ਦੂਜੀ ਵਾਰ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਕੀਤੀ। ਨੱਡਾ ਦੇ ਘਰ ਉਨ੍ਹਾਂ ਦੀ ਲਗਭਗ ਅੱਧੇ ਘੰਟੇ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਜਦ ਰਾਵਤ ਦੇ ਭਵਿੱਖ ਸਬੰਧੀ ਤਰ੍ਹਾਂ ਤਰ੍ਹਾਂ ਦੀਆਂ ਅਟਕਲਾਂ ਜਾਰੀ ਸਨ । ਵੀਰਵਾਰ ਦੇਰ ਰਾਤ ਉਨ੍ਹਾਂ ਨੱਡਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਹ ਬੈਠਕ 12 ਵਜੇ ਰਾਤ ਤਕ ਚੱਲੀ ਸੀ। ਕਿਆਫ਼ਿਆਂ ਵਿਚਾਲੇ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਨਾਲ ਮੁਲਾਕਾਤ ਹੋਈ ਅਤੇ ਆਗਾਮੀ ਚੋਣਾਂ ਸਬੰਧੀ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ, ‘ਕਿਸ ਤਰ੍ਹਾਂ ਵਿਕਾਸ ਕਰਨਾ ਹੈ ਅਤੇ ਕੇਂਦਰ ਦੀਆਂ ਯੋਜਨਾਵਾਂ ਨੂੰ ਧਰਾਤਲ ’ਤੇ ਉਤਾਰਨ ਲਈ ਬਹੁਤ ਸਾਰੇ ਕੰਮ ਕੀਤੇ ਗਏ ਹਨ, ਉਨ੍ਹਾਂ ਨੂੰ ਜਨਤਾ ਤਕ ਲਿਜਾਣ ਦੀ ਗੱਲ ਹੋਈ। ਚੋਣਾਂ ਸਬੰਧੀ ਗੱਲਬਾਤ ਹੋਈ ਕਿ ਕਿਵੇਂ ਤਿਆਰੀਆਂ ਹਨ, ਕੀ ਕਰਨਾ ਹੈ। ਵਿਰੋਧੀ ਧਿਰ ਜਨਤਾ ਸਾਹਮਣੇ ਕਿਤੇ ਨਹੀਂ ਹੈ। ਕੇਂਦਰ ਜੋ ਤੈਅ ਕਰੇਗਾ ਅਤੇ ਜੋ ਰਣਨੀਤੀ ਸਾਡੇ ਸਾਹਮਣੇ ਰੱਖੇਗਾ, ਉਸ ਰਣਨੀਤੀ ਸਬੰਧੀ ਅਸੀਂ ਅੱਗੇ ਵਧਾਂਗੇ।’ ਦੂਜੇ ਪਾਸੇ ਉਤਰਾਖੰਡ ਦੇ ਕੈਬਨਿਟ ਮੰਤਰੀ ਸਤਪਾਲ ਮਹਾਰਾਜ ਅਤੇ ਧਨ ਸਿੰਘ ਰਾਵਤ ਨੂੰ ਵੀ ਦਿੱਲੀ ਬੁਲਾਇਆ ਗਿਆ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਤੀਰਥ ਸਿੰਘ ਰਾਵਤ ਨਾਲ ਚਿੰਤਨ ਬੈਠਕ ਦੇ ਬਾਅਦ ਇਨ੍ਹਾਂ ਆਗੂਆਂ ਨੂੰ ਦਿੱਲੀ ਬੁਲਾਇਆ ਗਿਆ ਹੈ। ਸੂਤਰ ਇਹ ਵੀ ਦਾਅਵਾ ਕਰ ਰਹੇ ਹਨ ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ ਤੀਰਥ ਸਿੰਘ ਰਾਵਤ ਦੀ ਅਗਵਾਈ ਵਿਚ ਲੜਨ ਦੇ ਮੂਡ ਵਿਚ ਬਿਲਕੁਲ ਵੀ ਨਹੀਂ ਸੀ । ਇਹੋ ਕਾਰਨ ਹੈ ਕਿ ਦਿੱਲੀ ਵਿਚ ਬੈਠਕਾ ਦਾ ਦੌਰ ਲਗਾਤਾਰ ਜਾਰੀ ਰਿਹਾ ।