ਕੁੱਲੂ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹਾ ਮੁੱਖ ਦਫ਼ਤਰ ਅਤੇ ਆਲੇ ਦੁਆਲੇ ਦੇ ਪੇਂਡੂ ਇਲਾਕਿਆਂ ਵਿਚ ਵੀਰਵਾਰ ਦੁਪਹਿਰ ਬਾਅਦ ਦੋ ਘੰਟਿਆਂ ਤਕ ਪਏ ਭਾਰੀ ਮੀਂਹ ਨੇ ਤਬਾਹੀ ਮਚਾ ਦਿਤੀ। ਸ਼ਹਿਰ ਵਿਚ ਜਿਥੇ ਦੁਕਾਨਾਂ ਵਿਚ ਮੀਂਹ ਦਾ ਪਾਣੀ ਵੜ ਗਿਆ, ਉਥੇ ਪੇਂਡੂ ਖੇਤਰਾਂ ਵਿਚ ਖੇਤਾਂ ਵਿਚ ਉੱਗੀ ਮੱਕੀ ਦੀ ਫ਼ਸਲ ਤਬਾਹ ਹੋ ਗਈ। ਕਰੀਬ ਦੋ ਘੰਟਿਆਂ ਤਕ ਜਾਰੀ ਰਹੇ ਮੀਂਹ ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ। ਮੁਗਲਾ ਵਿਚ ਘਰ ਦੇ ਅੰਦਰ ਪਾਣੀ ਵੜਨ ਨਾਲ ਚਾਰਦੀਵਾਰੀ ਢਹਿ ਗਈ। ਇਸ ਦੇ ਇਲਾਵਾ ਸ਼ਹਿਰੀ ਖੇਤਰ ਦੀਆਂ 15 ਸੜਕਾਂ ਬੰਦ ਹੋ ਗਈਆਂ। ਮੋਹਲੇਧਾਰ ਮੀਂਹ ਨਾਲ ਦੁਪਹਿਰ ਦੇ ਸਮੇਂ ਅਚਾਨਕ ਹਨੇਰਾ ਛਾ ਗਿਆ। ਲੋਕ ਨਿਰਮਾਣ ਵਿਭਾਗ ਦੀ ਮਸ਼ੀਨਰੀ ਸ਼ਾਮ ਤਕ ਰਾਹ ਸਾਫ਼ ਕਰਨ ਵਿਚ ਲੱਗੀ ਰਹੀ। ਇਸ ਦੇ ਇਲਾਵਾ ਕੁੱਲੂ ਅਤੇ ਕਾਂਗੜਾ ਵਿਚ ਵੀ ਵੀਰਵਾਰ ਨੂੰ ਭਾਰੀ ਮੀਂਹ ਪਿਆ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ ਸੱਤ ਜੁਲਾਈ ਤਕ ਲਗਾਤਾਰ ਮੀਂਹ ਤੂਫ਼ਾਨ ਦਾ ਅਨੁਮਾਨ ਹੈ ਜਦਕਿ ਇਕ ਤੋਂ ਪੰਜ ਜੁਲਾਈ ਤਕ ਮੈਦਾਨੀ ਅਤੇ ਮੱਧ ਪਰਬਤੀ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੈਦਾਨੀ ਇਲਾਕਿਆਂ ਵਿਚ ਸਖ਼ਤ ਗਰਮੀ ਪੈਣ ਕਾਰਨ ਲੋਕ ਹਿਮਾਚਲ ਦੇ ਪਹਾੜਾਂ ਵਿਚ ਭਾਰੀ ਗਿਣਤੀ ਵਿਚ ਜਾ ਰਹੇ ਸਨ। ਹੁਣ ਮੀਂਹ ਦੀਆਂ ਖ਼ਬਰਾਂ ਨਾਲ ਸੈਲਾਨੀਆਂ ਨੂੰ ਜ਼ਰੂਰ ਚੌਕਸ ਹੋ ਜਾਣਾ ਚਾਹੀਦਾ ਹੈ ਕਿਉਂਕਿ ਸੜਕਾਂ ਬੰਦ ਹੋ ਜਾਣ ਨਾਨ ਮੁਸ਼ਕਲ ਵਿਚ ਫਸਣ ਦੀ ਪੂਰੀ ਸੰਭਾਵਨਾ ਬਣ ਜਾਂਦੀ ਹੈ।