ਦੇਹਰਾਦੂਨ: ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ 45 ਸਾਲਾ ਪੁਸ਼ਕਰ ਸਿੰਘ ਧਾਮੀ ਨੇ ਅੱਜ ਸਹੁੰ ਚੁੱਕ ਲਈ। ਮੀਂਹ ਵਿਚਾਲੇ ਰਾਜ ਭਵਨ ਵਿਚ ਸਹੁੰ ਚੁੱਕ ਸਮਾਗਮ ਹੋਇਆ। ਧਾਮੀ ਹੁਣ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ ਤੇ ਉਹ ਸੂਬੇ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ ਹਨ। ਰਾਜਪਾਲ ਬੇਬੀਰਾਨੀ ਮੌਰਿਯਾ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ ਹੀ ਸਤਪਾਲ ਮਹਾਰਾਜ, ਹਰਕ ਸਿੰਘ ਰਾਵਤ, ਬੰਸ਼ੀਧਰ ਭਗਤ, ਯਸ਼ਪਾਲ ਆਰਿਆ, ਬਿਸ਼ਨ ਸਿੰਘ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਗਣੇਸ਼ ਜੋਸ਼ੀ, ਧਨ ਸਿੰਘ ਰਾਵਤ, ਰੇਖਾ ਆਰਿਆ, ਯਤੀਸ਼ਵਰਾਨੰਦ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਕਿਹਾ ਜਾ ਰਿਹਾ ਹੈ ਕਿ ਉਤਰਾਖੰਡ ਵਿਚ ਜਾਤੀ ਸਮੀਕਰਨਾਂ ਨੂੰ ਵੇਖਦਿਆਂ ਭਾਜਪਾ ਨੇ ਤੀਰਥ ਸਿੰਘ ਰਾਵਤ ਦੀ ਮੁੱਖ ਮੰਤਰੀ ਵਜੋਂ ਛੁੱਟੀ ਕਰ ਕੇ ਧਾਮੀ ਨੂੰ ਚੁਣਿਆ ਹੈ। ਧਾਮੀ ਦੋ ਵਾਰ ਵਿਧਾਇਕ ਬਣੇ ਹਨ ਅਤੇ ਉਹ ਭਾਜਪਾ ਵਿਚ ਵੱਖ ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਉਤਰਾਖੰਡ ਵਿਧਾਨ ਮੰਡਲ ਦੀ ਬੈਠਕ ਵਿਚ ਧਾਮੀ ਦੇ ਨਾਮ ’ਤੇ ਮੋਹਰ ਲੱਗਣ ਮਗਰੋਂ ਪਾਰਟੀ ਦੇ ਕੁਝ ਆਗੂ ਸਹਿਜ ਨਜ਼ਰ ਨਹੀਂ ਆ ਰਹੇ ਸਨ। ਅਟਕਲਾਂ ਤਾਂ ਇਹ ਵੀ ਸਨ ਕਿ ਸਤਪਾਲ ਦਿੱਲੀ ਪਹੁੰਚੇ ਸਨ, ਉਨ੍ਹਾਂ ਨਾਲ 35 ਵਿਧਾਇਕ ਸਨ ਜੋ ਅਸਤੀਫ਼ਾ ਦੇਣ ਨੂੰ ਤਿਆਰ ਹਨ। ਹਰਕ ਸਿੰਘ ਰਾਵਤ ਵੀ ਦਿੱਲੀ ਪਹੁੰਚੇ ਸਨ। ਪੁਸ਼ਕਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਅਤੇ ਤ੍ਰਿਵੇਂਦਰ ਸਿੰਘ ਰਾਵਤ ਨਾਲ ਮੁਲਾਕਾਤ ਕੀਤੀ ਹੈ। ਫ਼ਿਲਹਾਲ ਭਾਜਪਾ ਨੇ ਮਾਮਲਾ ਸੁਲਝਾ ਲਿਆ ਹੈ ਪਰ ਸੂਤਰਾਂ ਮੁਤਾਬਕ ਅੰਦਰਖ਼ਾਤੇ ਬਗ਼ਾਵਤ ਦੀ ਅੱਗ ਧੁਖ ਰਹੀ ਹੈ।