ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰ ਕੇ ਸ਼ਰਧਾਂਜਲੀ ਦਿੱਤੀ
ਮੁੰਬਈ : ਬਾਲੀਵੁਡ ਦੇ ਦਿੱਗਜ ਐਕਟਰ ਦਿਲੀਪ ਕੁਮਾਰ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਲੰਬਾ ਸਮਾਂ ਉਨ੍ਹਾਂ ਦੀ ਤਬਿਅਤ ਠੀਕ ਨਹੀਂ ਰਹੀ ਸੀ। ਉਨ੍ਹਾਂ ਨੂੰ ਕਈ ਵਾਰ ਹਸਪਤਾਲ ਵਿੱਚ ਵੀ ਭਰਤੀ ਕਰਨਾ ਪਿਆ ਸੀ। ਇਥੇ ਇਹ ਵੀ ਦਸ ਦਈਏ ਕਿ ਪਿਛਲੇ ਦਿਨ ਹੀ ਹਾਲੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਠੀਕ ਵੀ ਹੋ ਗਏ ਸਨ ਪਰ ਅੱਜ ਉਨ੍ਹਾਂ ਦਾ ਸਵੇਰੇ ਦਿਹਾਂਤ ਹੋ ਗਿਆ। ਉਹ ਪੂਰੇ ਇਕ ਮਹੀਨਾ ਬਿਮਾਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਦੀਆਂ ਅਫ਼ਵਾਹਾਂ ਵੀ ਕਈ ਵਾਰ ਉਡੀਆਂ ਸਨ ਜਿਸ ਨੂੰ ਉਨ੍ਹਾਂ ਦੀ ਪਤਨੀ ਸੋਸ਼ਲ ਮੀਡੀਆ ਉਤੇ ਰੱਦ ਕਰਦੀ ਰਹੀ। ਉਨ੍ਹਾਂ ਅੱਜ ਸਵੇਰੇ 7.30 ਵਜੇ ਹਿੰਦੂਜਾ ਹਸਪਤਾਲ ‘ਚ ਆਖਰੀ ਸਾਹ ਲਿਆ। ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ 29 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਫਿਲਮ ਨਿਰਮਾਤਾ ਅਸ਼ੋਕ ਪੰਡਤ ਨੇ ਕਿਹਾ ਕਿ ਦਿਲੀਪ ਕੁਮਾਰ ਸਾਰੇ ਕਲਾਕਾਰਾਂ ਲਈ ਪਿਤਾ ਸਮਾਨ ਸਨ ਯਾਨੀ ਅੱਜ ਸਾਰਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਟਵਿੱਟਰ 'ਤੇ #DilipKumar ਟ੍ਰੈਂਡ ਕਰਨ ਲੱਗਾ। ਲੋਕ ਦਿਲੀਪ ਕੁਮਾਰ ਦੇ ਚਰਚਿਤ ਫੋਟੋ ਤੇ ਵੀਡੀਓ ਸ਼ੇਅਰ ਕਰਨ ਲੱਗੇ। ਸ਼ਕਤੀ ਕਪੂਰ ਨੇ ਕਿਹਾ ਕਿ ਦਲੀਪ ਸਾਹਬ ਉਨ੍ਹਾਂ ਨੂੰ ਬਿਗੜੈਲ ਬੱਚਾ ਕਹਿੰਦੇ ਸਨ। ਉਨ੍ਹਾਂ ਨੇ ਵੀ ਦਲੀਪ ਸਾਹਬ ਤੋਂ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰ ਕੇ ਸ਼ਰਧਾਂਜਲੀ ਦਿੱਤੀ ਹੈ।