ਸ਼ਿਮਲਾ: ਹਿਮਾਚਲ ਪ੍ਰਦੇਸ਼ ਕੈਬਨਿਟ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਕੋਵਿਡ-19 ਦੀਆਂ ਬੰਦਸ਼ਾਂ ਵਿਚ ਕੁਝ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਕੈਬਨਿਟ ਨੇ ਸਾਰੇ ਸਮਾਜਕ, ਅਕਾਦਮਿਕ, ਮਨੋਰੰਜਨ, ਰਾਜਸੀ, ਸਭਿਆਚਾਰਕ ਸਮਾਗਮਾਂ ਸਮੇਤ ਵਿਆਹ ਅਤੇ ਹੋਰ ਸਮਾਗਮਾਂ ਵਿਚ ਲੋਕਾਂ ਦੀ ਮੌਜੂਦਗੀ ਦੀ ਗਿਣਤੀ ਵਿਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਇੰਡੋਰ ਜਾਂ ਬੰਦ ਥਾਵਾਂ ਵਿਚ ਹੋਣ ਵਾਲੇ ਸਮਾਗਮਾਂ ਵਿਚ ਕੁਲ ਸਮਰੱਥਾ ਦੇ 50 ਫ਼ੀਸਦੀ ਅਤੇ ਵੱਧ ਤੋਂ ਵੱਧ 200 ਲੋਕਾਂ ਨੂੰ ਸ਼ਾਮਲ ਕਰਨ ਦੀ ਆਗਿਆ ਹੋਵੇਗੀ। ਬੈਠਕ ਵਿਚ ਆਸ਼ਾ ਵਰਕਰਾਂ ਨੂੰ ਵਰਤਮਾਨ ਵਿਚ ਦਿਤੇ ਜਾ ਰਹੇ ਮਾਣਭੱਤੇ ਵਿਚ 2000 ਰੁਪਏ ਦਾ ਵਾਧਾ ਕਰਦਿਆਂ 2750 ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ। ਪ੍ਰਮੁੱਖ ਸੈਰਗਾਹਾਂ ’ਤੇ ਭੀੜ ਹੋਣ ਬਾਬਤ ਵੀ ਕੈਬਨਿਟ ਨੇ ਚਿੰਤਾ ਪ੍ਰਗਟ ਕੀਤੀ। ਕਿਹਾ ਗਿਆ ਹੈ ਕਿ ਜੇ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਸਖ਼ਤ ਕਦਮ ਚੁਕਣੇ ਪੈਣਗੇ। ਫ਼ੈਸਲਾ ਕੀਤਾ ਗਿਆ ਕਿ ਪ੍ਰਮੁੱਖ ਸੈਰਗਾਹਾਂ ’ਤੇ ਕਮਿਸ਼ਨਰ ਅਤੇ ਪੁਲਿਸ ਮੁਖੀ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਕੈਬਨਿਟ ਨੇ ਕਾਂਗੜਾ ਜ਼ਿਲ੍ਹੇ ਵਿਚ 200 ਬਿਸਤਰਿਆਂ ਦੀ ਸਮਰੱਥਾ ਵਾਲੇ ਨਾਗਰਿਕ ਹਸਪਤਾਲ ਨੂਰਪੁਰ ਦੇ ਉਚਿਤ ਪ੍ਰਬੰਧਨ ਲਈ ਇਲਾਜ ਨਿਗਰਾਨ ਦਾ ਇਕ ਹੋਰ ਅਹੁਦੇ ਦੀ ਰਚਨਾ ਕਰਨ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਸੀ ਕਿ ਹਿਮਾਚਲ ਵਿਚ ਸੈਲਾਨੀਆਂ ਦੀ ਬੇਹੱਦ ਭੀੜ ਹੋ ਰਹੀ ਹੈ ਅਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।