ਚੰਡੀਗੜ੍ਹ : ਅਤਿ ਦੀ ਪੈ ਰਹੀ ਗਰਮੀ ਵਿਚ ਅਤੇ ਮਾਨਸੂਨ ਦੀ ਦੇਰੀ ਕਾਰਨ ਲੋਕਾਂ ਦਾ ਜਿਉਣਾ ਔਖਾ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਹੁਣ ਪੰਜਾਬ ਵਿੱਚ ਭਿਆਨਕ ਗਰਮੀ ਅਤੇ ਝੋਨੇ ਦੀ ਲਵਾਈ ਦੇ ਵਿਚਾਲੇ ਵੀਰਵਾਰ ਨੂੰ ਬਿਜਲੀ ਸੰਕਟ ਉਸ ਸਮੇਂ ਹੋਰ ਗਹਿਰਾ ਗਿਆ, ਜਦੋਂ ਤਕਨੀਕੀ ਖਰਾਬੀ ਦੇ ਚਲਦਿਆਂ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ। ਇਸ ਦੇ ਨਾਲ ਬਿਜਲੀ ਉਤਪਾਦਨ ਵਿੱਚ 420 ਮੇਗਾਵਾਟ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਜਿਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕਿਸਾਨਾਂ ਨੂੰ ਵੀ ਵਾਅਦੇ ਮੁਤਾਬਕ ਅੱਠ ਘੰਟੇ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ। ਇਥੇ ਇਹ ਵੀ ਦਸ ਦਈਏ ਕਿ 1980 ਮੇਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਦੋ ਯੂਨਿਟ ਪਹਿਲਾਂ ਹੀ ਤਕਨੀਕੀ ਖਰਾਬੀ ਦੇ ਚਲਦੇ ਬੰਦ ਪਈਆਂ ਹਨ, ਜਦਕਿ ਤੀਜੀ ਯੂਨਿਟ ਫਿਲਹਾਲ 50 ਫੀਸਦੀ ਬਿਜਲੀ ਦੇ ਰਹੀ ਹੈ। ਅਜਿਹੇ ਵਿੱਚ ਵੀਰਵਾਰ ਨੂੰ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਦੀ ਵੀ ਇੱਕ ਯੂਨਿਟ ਬੰਦ ਹੋਣ ਨਾਲ ਪਾਵਰਕਾਮ ਦੀਆਂ ਮੁਸੀਬਤਾਂ ਵੱਧ ਗਈਆਂ। ਹਾਲਾਂਕਿ ਲਹਿਰਾ ਮੁਹੱਬਤ ਪਲਾਂਟ ਦੀ ਯੂਨਿਟ ਨੂੰ ਬੀਤੇ ਦਿਨ ਹੀ ਠੀਕ ਕਰ ਲਿਆ ਗਿਆ ਸੀ। ਦੱਸ ਦਈਏ 1 ਜੁਲਾਈ ਤੋਂ ਲੈ ਕੇ ਹੁਣ ਤੱਕ ਬਿਜਲੀ ਕੱਟਾਂ ਦਾ ਸਿਲਸਿਲਾ ਜਾਰੀ ਹੈ। 7 ਜੁਲਾਈ ਨੂੰ ਬਿਜਲੀ ਸਪਲਾਈ ਦੀ 128 ਲੱਖ ਯੁਨਿਟ ਦੀ ਪੂਰਤੀ ਲਈ ਕੱਟ ਲਗਾਏ ਗਏ, ਜਦਕਿ 6 ਜੁਲਾਈ ਨੂੰ 140 ਲੱਖ ਯੂਨਿਟ ਦੀ ਪੂਰਤੀ ਲਈ ਬਿਜਲੀ ਕੱਟ ਲਗਾਏ ਗਏ ਹਨ।