ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਵੀਰਵਾਰ ਨੂੰ ਦਰਦਨਾਕ ਹਾਦਸਾ ਵਾਪਰ ਗਿਆ ਜਦ 6 ਮੰਜ਼ਲਾ ਇਮਾਰਤ ਵਿਚ ਅੱਗ ਗਈ ਜਿਸ ਕਾਰਨ 52 ਜਣਿਆਂ ਦੀ ਮੌਤ ਹੋ ਗਈ। ਲਗਭਗ 30 ਵਿਅਕਤੀ ਜ਼ਖ਼ਮੀ ਹਨ ਅਤੇ ਕਈ ਲਾਪਤਾ ਹਨ। ਜਾਨ ਬਚਾਉਣ ਲਈ ਕਈ ਲੋਕ ਝੁਲਸਦੀ ਇਮਾਰਤੀ ਵਿਚੋਂ ਹੇਠਾਂ ਕੁੱਦ ਗਏ। ਅੱਗ ਫ਼ੂਡ ਪ੍ਰੋਸੈਸਿੰਗ ਫ਼ੈਕਟਰੀ ਦੀਆਂ ਉਪਰੀ ਮੰਜ਼ਲਾਂ ’ਤੇ ਲੱਗੀ ਸੀ। ਹਾਲੇ ਇਹ ਪਤਾ ਨਹੀਂ ਲੱਗਾ ਕਿ ਕਿੰਨ ਲੋਕ ਅੰਦਰ ਫਸੇ ਹੋਏ ਹਨ। ਹਾਲਾਂਕਿ ਜੋ ਬਾਹਰ ਆਏ, ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਫੈਕਟਰੀ ਅੰਦਰ ਫਸੇ ਲੋਕਾਂ ਦਾ ਬਚਣਾ ਮੁਸ਼ਕਲ ਹੈ।
ਪੁਲਿਸ ਨੇ ਦਸਿਆ ਕਿ ਵੀਰਵਾਰ ਸ਼ਾਮ ਕਰੀਬ 5 ਵਜੇ ਰੂਪਗੰਜ ਇਲਾਕੇ ਵਿਚ ਸਥਿਤ ਫ਼ੂਡ ਐਂਡ ਵੈਬਰੇਜ ਫ਼ੈਕਟਰੀ ਵਿਚ ਅੱਗ ਲੱਗ ਗਈ। ਅੱਗ ’ਤੇ ਸ਼ੁਕਰਵਾਰ ਦੁਪਹਿਰ ਤਕ ਕਾਬੂ ਨਹੀਂ ਪਾਇਆ ਜਾ ਸਕਿਆ। ਫ਼ਾਇਰ ਵਿਭਾਗ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤਕ 25 ਜਣਿਆਂ ਨੂੰ ਬਚਾ ਲਿਆ ਗਿਆ ਹੈ। ਕਿੰਨੀਆਂ ਮੌਤਾਂ ਹੋਈਆਂ ਹਨ, ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਅੱਗ ’ਤੇ ਕਾਬੂ ਪਾਉਣ ਮਗਰੋਂ ਫ਼ੈਕਟਰੀ ਅੰਦਰ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ। ਅਧਿਕਾਰੀਆਂ ਨੇ ਦਸਿਆ ਕਿ ਕਈ ਲੋਕ ਝੁਲਸੇ ਹਨ ਅਤੇ ਕਈ ਲੋਕ ਇਮਾਰਤ ਵਿਚੋਂ ਛਾਲਾਂ ਮਾਰਨ ਕਾਰਨ ਜ਼ਖ਼ਮੀ ਹੋ ਗਏ।
ਇਕ ਮਜ਼ਦੂਰ ਨੇ ਦਸਿਆ ਕਿ ਅੱਗ ਲੱਗਣ ਸਮੇਂ ਫ਼ੈਕਟਰੀ ਵਿਚ ਦਰਜਨਾਂ ਮਜ਼ਦੂਰ ਮੌਜੂਦ ਸਨ। ਸੁਰੱਖਿਆ ਨਿਯਮਾਂ ਦੀ ਉਲੰਘਣਾ ਕਾਰਨ ਬੰਗਲਾਦੇਸ਼ ਵਿਚ ਅੱਗ ਦੀਆਂ ਘਟਨਾਵਾਂ ਆਮ ਗੱਲ ਹੈ। ਪਿਛਲੇ ਸਾਲ ਫ਼ਰਵਰੀ ਵਿਚ ਵੀ ਢਾਕਾ ਵਿਚ ਕੁਝ ਅਪਾਰਟਮੈਂਟਾਂ ਵਿਚ ਅੱਗ ਲੱਗ ਗਈ ਸੀ ਜਿਸ ਕਾਰਨ 70 ਜਣਿਆਂ ਦੀ ਮੌਤ ਹੋ ਗਈ ਸੀ। ਇਕ ਮਜ਼ਦੂਰ ਨੇ ਦਸਿਆ ਕਿ ਤੀਜੀ ਮੰਜ਼ਲ ’ਤੇ ਅੱਗ ਲੱਗੀ ਤਾਂ ਪੌੜੀਆਂ ’ਤੇ ਲੱਗੇ ਦੋਵੇਂ ਦਰਵਾਜ਼ੇ ਬੰਦ ਸਨ। ਉਦੋਂ ਮੰਜ਼ਲ ’ਤੇ 48 ਲੋਕ ਸਨ। ਪਤਾ ਨਹੀਂ ਉਨ੍ਹਾਂ ਦਾ ਕੀ ਬਣਿਆ।