ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਯੂਨੀਵਰਸਿਟੀ ਸਥਿਤ 'ਕਿਤਾਬ-ਘਰ' ਦਾ ਦੌਰਾ ਕੀਤਾ ਗਿਆ। ਪਬਲੀਕੇਸ਼ਨ ਬਿਊਰੋ ਦੇ ਨਵ-ਨਿਯੁਕਤ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਇਸ ਮੌਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਡਾ. ਅਰਵਿੰਦ ਵੱਲੋਂ ਕਿਤਾਬ-ਘਰ ਦੇ ਵਖ-ਵਖ ਸੈਕਸ਼ਨਾਂ ਵਿਚਲੀਆਂ ਵਖ-ਵਖ ਵਿਸਿ਼ਆਂ ਨਾਲ ਸੰਬੰਧਤ ਪੁਸਤਕਾਂ, ਉਨ੍ਹਾਂ ਦੀ ਛਪਾਈ ਪ੍ਰਕਿਰਿਆ, ਵਿੱਕਰੀ ਪ੍ਰਕਿਰਿਆ, ਇਸ ਸਭ ਵਿਚ ਵਿਸਥਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਆਦਿ ਬਾਰੇ ਡਾ. ਰਾਜੇਸ਼ ਸ਼ਰਮਾ ਨਾਲ ਚਰਚਾ ਕੀਤੀ ਗਈ।
ਡਾ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਇਸ ਖਜ਼ਾਨੇ ਬਾਰੇ ਹੋਰ ਵਧੇਰੇ ਵਿਆਪਕ ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਰੂਰਤ ਹੈ ਤਾਂ ਕਿ ਇਹ ਖਜ਼ਾਨਾ ਵਧੇਰੇ ਲੋਕਾਂ ਤਕ ਪਹੁੰਚ ਸਕੇ। ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਪਬਲੀਕੇਸ਼ਨ ਬਿਊਰੋ ਵੱਲੋਂ ਬਣਾ ਕੇ ਭੇਜੀ ਗਈ ਤਜਵੀਜ਼ ਨੂੰ ਪ੍ਰਵਾਨ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇਸ ਮੌਕੇ ਕੁੱਝ ਅਹਿਮ ਐਲਾਨ ਵੀ ਕੀਤੇ ਗਏ ਜਿਸ ਅਨੁਸਾਰ ਹੁਣ ਯੂਨੀਵਰਸਿਟੀ ਕੈਂਪਸ ਵਿਚਲਾ ਕਿਤਾਬ-ਘਰ ਹਰੇਕ ਸ਼ਨੀਵਾਰ ਨੂੰ ਵੀ ਵਿੱਕਰੀ ਲਈ ਖੁੱਲ੍ਹੇਗਾ ਤਾਂ ਕਿ ਆਮ ਕੰਮ-ਕਾਜੀ ਦਿਨਾਂ ਵਿਚ ਇੱਥੇ ਆ ਸਕਣ ਤੋਂ ਅਸਮਰਥ ਲੋਕ ਛੁੱਟੀ ਵਾਲੇ ਦਿਨ ਵੀ ਪੁਸਤਕਾਂ ਖਰੀਦ ਸਕਣ।
ਆਉਣ ਵਾਲੇ ਦਿਨਾਂ ਵਿਚ ਐਤਵਾਰ ਨੂੰ ਖੋਲ੍ਹੇ ਜਾਣ ਬਾਰੇ ਵੀ ਵਿਚਾਰ ਕੀਤੀ ਜਾਵੇਗੀ। ਡਾ. ਅਰਵਿੰਦ ਨੇ ਇਸੇ ਤਰ੍ਹਾਂ ਇਕ ਹੋਰ ਅਹਿਮ ਐਲਾਨ ਕਰਦਿਆ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਠਿੰਡਾ ਸਥਿਤ ਰਿਜਨਲ ਸੈਂਟਰ ਵਿਚ ਵੀ ਇਸੇ ਤਰਜ਼ ਉੱਪਰ ਇਕ ਕਿਤਾਬ-ਘਰ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਕਿ ਉਸ ਖੇਤਰ ਦੇ ਲੋਕ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਤਕ ਆਪਣੀ ਪਹੁੰਚ ਬਣਾ ਸਕਣ। ਇਸੇ ਤਰ੍ਹਾਂ ਆਧੁਨਿਕ ਦੌਰ ਦੇ ਨਵ-ਰੁਝਾਨਾਂ ਅਨੁਸਾਰ ਸੋਸ਼ਲ ਮੀਡੀਆ ਦੇ ਮਾਧਿਅਮ ਨੂੰ ਬਿਹਤਰੀ ਨਾਲ ਵਰਤੋਂ ਵਿਚ ਲਿਆਂਦੇ ਜਾਣ ਬਾਰੇ ਵੀ ਯੋਜਨਾ ਬਣਾਈ ਗਈ ਹੈ।
ਪਬਲੀਕੇਸ਼ਨ ਬਿਊਰੋ ਵਿਚਲੀਆਂ ਪੁਸਤਕਾਂ ਦੇ ਟਾਈਟਲ ਅਤੇ ਤਤਕਰਾ ਸੋਸ਼ਲ ਮੀਡੀਆ ਦੇ ਵਖ-ਵਖ ਪਲੇਟਫ਼ਾਰਮਾਂ ਉਪਰ ਨਸ਼ਰ ਕੀਤੇ ਜਾਣਗੇ ਤਾਂ ਕਿ ਪੁਸਤਕਾਂ ਸੰਬੰਧੀ ਪਹੁੰਚ ਨੂੰ ਹੋਰ ਵਿਸਥਾਰਿਆ ਜਾ ਸਕੇ। ਪੰਜਾਬੀ ਯੂਨੀਵਰਸਿਟੀ ਦੀ ਪੁਸਤਕ ਪ੍ਰਦਰਸ਼ਨੀ ਵਾਲੀ ਬੱਸ ਵੀ ਅਗਲੇ ਹਫ਼ਤੇ ਤੋਂ ਸਰਗਰਮ ਹੋ ਜਾਵੇਗੀ ਜੋ ਵਖ-ਵਖ ਖੇਤਰਾਂ ਵਿਚ ਪੁਸਤਕਾਂ ਦੀ ਵਿੱਕਰੀ ਲਈ ਦੌਰਾ ਕਰੇਗੀ। ਇਸ ਦੇ ਰੂਟਸ ਬਾਰੇ ਵਿਸਤ੍ਰਿਤ ਯੋਜਨਾ ਬਣਾਈ ਜਾ ਰਹੀ ਹੈ। ਡਾ. ਰਾਜੇਸ਼ ਵੱਲੋਂ ਦੱਸਿਆ ਗਿਆ ਕਿ ਪਬਲੀਕੇਸ਼ਨ ਦੀ ਆਮਦਨ ਵਿਚ ਵੱਡੇ ਪੱਧਰ `ਤੇ ਵਾਧਾ ਕਰਨ ਹਿਤ ਯੋਜਨਾ ਬਣਾਈ ਜਾ ਰਹੀ ਹੈ ਜਿਸ ਸੰਬੰਧੀ ਇਹ ਸਾਰੇ ਕਦਮ ਉਠਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਬਹੁਤ ਸਾਰੀਆਂ ਅਹਿਮ ਪੁਸਤਕਾਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ ਪਰ ਉਨ੍ਹਾਂ ਦੀ ਮੰਗ ਹਾਲੇ ਵੀ ਬਰਕਰਾਰ ਹੈ। ਅਜਿਹੀਆਂ ਪੁਸਤਕਾਂ ਨੂੰ ਮੁੜ ਪ੍ਰਕਾਸਿ਼ਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਬਲੀਕੇਸ਼ਨ ਬਿਓਰੋ ਦਾ ਨਵਾਂ ਅਤੇ ਅਪਡੇਟਡ ਕੈਟਾਲੌਗ ਭਾਵ ਪੁਸਤਕ ਸੂਚੀ ਦਾ ਪ੍ਰਕਾਸ਼ਿਤ ਅਤੇ ਡਿਜੀਟਲ ਰੂਪ ਵੀ ਜਲਦੀ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਤੋਂ ਹੋਰ ਵੀ ਬਹੁਤ ਸਾਰੇ ਨਵੇਂ ਕਦਮ ਉਠਾਏ ਜਾਣ ਸੰਬੰਧੀ ਵਖ-ਵਖ ਪਹਿਲੂਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਪੁਸਤਕ ਸਭਿਆਚਾਰ ਦੀ ਕਦਰ ਕਰਦਿਆਂ ਖੁਦ ਆਪਣੇ ਲਈ ਕੁੱਝ ਪੁਸਤਕਾਂ ਖਰੀਦੀਆਂ ਗਈਆਂ।