ਦੇਹਰਾਦੂਨ : ਉਤਰਾਖੰਡ ਵਿਚ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਜ਼ਰ ਸੂਬੇ ਵਿਚ ਚੋਣਾਂ ਲੜਨ ’ਤੇ ਹੈ। ਦੇਹਰਾਦੂਨ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਉਤਰਾਖੰਡ ਵਿਚ ਸਾਡੀ ਸਰਕਾਰ ਬਣੇਗੀ ਤਾਂ 300 ਯੂਨਿਟਾਂ ਮੁਫ਼ਤ ਬਿਜਲੀ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਪੰਜਾਬ ਵਿਚ ਵੀ ਅਜਿਹਾ ਐਲਾਨ ਕੀਤਾ ਸੀ। ਕੇਜੀਵਾਲ ਨੇ ਕਿਹਾ ਕਿ ਬਿਜਲੀ ਦੇ ਪੁਰਾਣੇ ਬਿਲ ਮਾਫ਼ ਕੀਤੇ ਜਾਣ। ਕੋਈ ਪਾਵਰ ਕੱਟ ਨਹੀਂ ਲੱਗੇਗਾ। ਉਤਰਾਖੰਡ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਨੇ ਉਤਰਾਖੰਡ ਨੂੰ ਸਭ ਕੁਝ ਦਿਤਾ ਹੈ ਪਰ ਉਤਰਾਖੰਡ ਦੇ ਆਗੂਆਂ ਅਤੇ ਪਾਰਟੀਆਂ ਨੇ ਇਸ ਨੂੰ ਬਰਬਾਦ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਉਤਰਾਖੰਡ ਵਿਚ 2 ਪਾਰਟੀਆਂ ਹਨ ਜਿਵੇਂ ਚੱਕੀ ਦੇ 2 ਪੁੜਾਂ ਵਿਚਾਲੇ ਦਾਣੇ ਪਿਸਦੇ ਹਨ, ਤਿਵੇਂ ਹੀ 2 ਪਾਰਟੀਆਂ ਵਿਚਾਲੇ ਉਤਰਾਖੰਡ ਦੀ ਜਨਤਾ 20 ਸਾਲ ਤੋਂ ਪਿਸ ਰਹੀ ਹੈ। ਉਨ੍ਹਾਂ ਕਿਹਾ, ‘70 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦ ਕੋਈ ਸੱਤਾਧਿਰ ਰਾਜਸੀ ਪਾਰਟੀ ਖ਼ੁਦ ਹੀ ਕਹਿੰਦੀ ਹੈ ਕਿ ਸਾਡਾ ਮੁੱਖ ਮੰਤਰੀ ਬੇਕਾਰ ਹੈ।’ ਉਨ੍ਹਾਂ ਲੋਕਾਂ ਨੂੰ ਪੁਛਿਆ ਕਿ ਬਿਜਲੀ ਦਾ ਉਤਪਾਦਨ ਕਰਨ ਵਾਲੇ ਪਰਬਤੀ ਰਾਜ ਦੇ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਵਾਸੀਆਂ ਵਾਂਗ ਮੁਫ਼ਤ ਵਿਚ ਬਿਜਲੀ ਕਿਉਂ ਨਹੀਂ ਮਿਲ ਸਕਦੀ। ਜ਼ਿਕਰਯੋਗ ਹੈ ਕਿ ਆਪ ਨੇ ਰਾਜ ਵਿਚ ਅਗਲੇ ਸਾਲ ਨਿਰਧਾਰਤ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ।