ਮੇਘ ਗੋਇਲ ਦਾ ਨਾਵਲ ‘ਅਰਮਾਨ’ ਹੋਇਆ ਪ੍ਰਭਾਵਸ਼ਾਲੀ ਢੰਗ ਨਾਲ ਲੋਕ ਅਰਪਣ
ਸੰਗਰੂਰ : “ਮੇਘ ਗੋਇਲ ਦਾ ਨਾਵਲ ਸਾਡੇ ਅਜੋਕੇ ਸਮਾਜਿਕ ਤਾਣੇ-ਬਾਣੇ ਦੀਆਂ ਗੁੰਝਲਾਂ ਨੂੰ ਸੁਲਝਾਉਣ ਲਈ ਪੂਰੀ ਤਰ੍ਹਾਂ ਸਮਰੱਥ ਪ੍ਰਤੀਤ ਹੁੰਦਾ ਹੈ ਕਿਉਂਕਿ ਮਾਨਵੀ ਜੀਵਨ ਮੁੱਲਾਂ ਤੋਂ ਬਿਨਾਂ ਨਰੋਏ ਸਮਾਜ ਦੀ ਉਸਾਰੀ ਸੰਭਵ ਨਹੀਂ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਹੋਟਲ ਈਟਿੰਗ ਮਾਲ ਸੰਗਰੂਰ ਵਿਖੇ ਕਰਵਾਏ ਗਏ ਪੰਜਾਬੀ ਦੇ ਹਰਮਨ ਪਿਆਰੇ ਨਾਵਲਕਾਰ ਮੇਘ ਗੋਇਲ ਦੇ ਨਾਵਲ ‘ਅਰਮਾਨ’ ਦੇ ਸ਼ਾਨਦਾਰ ਲੋਕ-ਅਰਪਣ ਸਮਾਰੋਹ ਵਿੱਚ ਬੋਲਦਿਆਂ ਸਮਰੱਥ ਨਾਵਲਕਾਰ ਅਤੇ ਕਹਾਣੀਕਾਰ ਜਸਪਾਲ ਮਾਨਖੇੜਾ ਐਸੋਸੀਏਟ ਮੈਂਬਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੀ ਸਰਪ੍ਰਸਤੀ ਹੇਠ ਅਕਾਦਮੀ ਆਉਣ ਵਾਲੇ ਸਮੇਂ ਵਿੱਚ ਪਿੰਡ ਪੱਧਰ ਤੱਕ ਸਾਹਿਤਕ ਸਮਾਗਮ ਕਰਵਾ ਰਹੀ ਹੈ। ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਉੱਘੇ ਲੇਖਕ ਅਤੇ ਆਲੋਚਕ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਮੇਘ ਗੋਇਲ ਦਾ ਨਾਵਲ ਨਾਨਕ ਸਿੰਘ ਦੀ ਨਾਵਲਕਾਰੀ ਦੇ ਕਾਫ਼ੀ ਨੇੜੇ ਹੈ ਅਤੇ ਇਸ ਨਾਵਲ ਵਿੱਚੋਂ ਫ਼ੌਜੀ ਜੀਵਨ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਕਿਹਾ ਕਿ ਨਾਵਲ ਵਿੱਚ ਭਾਰਤ-ਪਾਕਿ ਵੰਡ ਵੇਲੇ ਦੇ ਹਾਲਾਤਾਂ ਦਾ ਬੜੀ ਖ਼ੂਬਸੂਰਤੀ ਨਾਲ ਵਰਣਨ ਕੀਤਾ ਗਿਆ ਹੈ। ਡਾ. ਭੁਪਿੰਦਰ ਕੌਰ ਨੇ ਕਿਹਾ ਕਿ ਨਾਵਲ ਵਿੱਚ ਆਉਣ ਵਾਲੀ ਪੀੜ੍ਹੀ ਦੇ ਸੁਚੱਜੇ ਚਰਿੱਤਰ ਨਿਰਮਾਣ ਦੀਆਂ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਪ੍ਰਿੰ. ਸੁਖਬੀਰ ਸਿੰਘ ਨੇ ਕਿਹਾ ਚੰਗੇ ਸਮਾਜ ਦੀ ਸਿਰਜਣਾ ਲਈ ‘ਅਰਮਾਨ’ ਵਰਗੀਆਂ ਪੁਸਤਕਾਂ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਡਾ. ਮੀਤ ਖਟੜਾ ਨੇ ਮੇਘ ਗੋਇਲ ਦੇ ਨਾਵਲ ਨੂੰ ਸਮਾਜ ਦੇ ਸੁਨਹਿਰੇ ਭਵਿੱਖ ਦਾ ਸੁਪਨਾ ਕਰਾਰ ਦਿੱਤਾ। ਕਲਵੰਤ ਕਸਕ ਨੇ ਕਿਹਾ ਕਿ ਨਰੋਆ ਸਾਹਿਤ ਸਮਾਜ ਨੂੰ ਨਰੋਆ ਰੱਖਣ ਵਿੱਚ ਸਹਾਈ ਹੁੰਦਾ ਹੈ। ਅਮਰ ਗਰਗ ਕਲਮਦਾਨ ਨੇ ਸਭਾ ਦੇ ਸਫ਼ਲ ਸਮਾਗਮ ਤੋਂ ਗਦਗਦ ਹੁੰਦਿਆਂ ਕਿਹਾ ਕਿ ਸਾਹਿਤਕ ਸਰਗਰਮੀਆਂ ਪੱਖੋਂ ਪੰਜਾਬੀ ਸਾਹਿਤ ਸਭਾ ਪਟਿਆਲਾ ਤੋਂ ਬਾਅਦ ਮਾਲਵਾ ਲਿਖਾਰੀ ਸਭਾ ਸੰਗਰੂਰ ਪੰਜਾਬ ਦੀ ਦੂਜੀ ਵੱਡੀ ਸਭਾ ਹੈ।
ਮੇਘ ਗੋਇਲ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਮਹੱਤਵਪੂਰਨ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਜੇਕਰ ਸਮਾਜ ਦੇ ਸਮੂਹ ਲੋਕ ਉਨ੍ਹਾਂ ਦੇ ਨਾਵਲਾਂ ਦੇ ਪਾਤਰਾਂ ਵਾਂਗ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣ ਜਾਣ ਤਾਂ ਉਨ੍ਹਾਂ ਦਾ ਨਾਵਲ ਲਿਖਣਾ ਸਾਰਥਿਕ ਹੋ ਜਾਵੇਗਾ। ਇਸ ਸਮਾਗਮ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਭਾ ਦੀਆਂ ਗਤੀਵਿਧੀਆਂ ਬਾਰੇ ਚਰਚਾ ਕਰਦਿਆਂ ਸਾਰੇ ਆਏ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ। ਪਿਛਲੇ ਦਿਨੀਂ ਲੋਕ ਪੱਖੀ ਬੁੱਧੀਜੀਵੀ ਸਟੇਨ ਸਵਾਮੀ ਦੇ ਸਾਜ਼ਿਸ਼ੀ ਢੰਗ ਨਾਲ ਕੀਤੇ ਗਏ ਕਤਲ ਦੀ ਭਰਪੂਰ ਨਿਖੇਧੀ ਕਰਦਿਆਂ, ਸਟੇਨ ਸਵਾਮੀ ਅਤੇ ਫਿਲਮ ਅਦਾਕਾਰ ਦਲੀਪ ਕੁਮਾਰ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸ਼ੁਭਮ ਦੁਆ ਅਤੇ ਰੋਮੀ ਵੱਲੋਂ ਗਿਟਾਰ ਨਾਲ ਗਾਏ ਗਏ ਪ੍ਰਭਾਵਸ਼ਾਲੀ ਗੀਤ ਨਾਲ ਸ਼ੁਰੂ ਹੋਏ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਮੌਜੀ, ਮੀਤ ਸਕਰੌਦੀ, ਬਲਰਾਜ ਓਬਰਾਏ ਬਾਜ਼ੀ, ਰਾਮ ਸਿੰਘ ਮਹਿਮੀ, ਮੇਜਰ ਸਿੰਘ ਰਾਜਗੜ੍ਹ, ਕਲਵੰਤ ਕਸਕ, ਮੇਘ ਗੋਇਲ, ਨਰੇਸ਼ ਸ਼ਰਮਾ, ਜੰਗੀਰ ਸਿੰਘ ਰਤਨ, ਜਸਵੰਤ ਸਿੰਘ ਅਸਮਾਨੀ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਕੌਰ ਸਿੱਧੂ, ਪਰਮਜੀਤ ਕੌਰ, ਅੱਬਲ ਗੋਇਲ, ਅੰਸ਼ੁਮਨ ਗੋਇਲ, ਮੂਲ ਚੰਦ ਸ਼ਰਮਾ, ਜਸਵੰਤ ਸਿੰਘ ਸਿੱਧੂ, ਧਰਮੀ ਤੁੰਗਾਂ, ਪ੍ਰਦੀਪ ਸਿੰਘ, ਅਮਨ ਜੱਖਲਾਂ, ਭੋਲਾ ਸਿੰਘ ਸੰਗਰਾਮੀ, ਸੁਖਵਿੰਦਰ ਸਿੰਘ ਲੋਟੇ, ਜਗਜੀਤ ਸਿੰਘ ਲੱਡਾ, ਭੁਪਿੰਦਰ ਨਾਗਪਾਲ, ਦਲਬਾਰ ਸਿੰਘ, ਧਰਮਵੀਰ ਸਿੰਘ, ਅਮਰ ਗਰਗ ਕਲਮਦਾਨ, ਜੱਗੀ ਮਾਨ, ਬਾਜ਼ ਸਿੰਘ ਮਹਿਲੀਆ, ਮੱਖਣ ਸਿੰਘ ਸੇਖੂਵਾਸ, ਪੇਂਟਰ ਸੁਖਦੇਵ ਧੂਰੀ, ਸਰਬਜੀਤ ਸਿੰਘ, ਸਵਾਮੀ ਰਵਿੰਦਰ ਗੁਪਤਾ, ਸੁਖਵਿੰਦਰ ਸਿੰਘ ਫੁੱਲ, ਚਰਨਜੀਤ ਸਿੰਘ ਮੀਮਸਾ, ਪ੍ਰੋ. ਨਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸਿਦਕੀ, ਜੀਤ ਹਰਜੀਤ ਅਤੇ ਸ਼ਰਨਜੀਤ ਸਿੰਘ ਸਿੱਧੂ ਆਦਿ ਕਵੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸੰਧੂ ਬ੍ਰਦਰਜ਼ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਤੋਂ ਵੀ ਹਾਜ਼ਰ ਸਾਹਿਤਕਾਰਾਂ ਨੇ ਪੁਸਤਕਾਂ ਖਰੀਦਣ ਵਿੱਚ ਜ਼ਿਕਰਯੋਗ ਦਿਲਚਸਪੀ ਦਿਖਾਈ। ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ ਅਤੇ ਦਲਬਾਰ ਸਿੰਘ ਚੱਠੇ ਸੇਖਵਾਂ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।