ਨਵੀਂ ਦਿੱਲੀ : ਆਬਾਦੀ ਕੰਟਰੋਲ ਸਬੰਧੀ ਆਸਾਮ ਅਤੇ ਯੂਪੀ ਦੇ ਬਾਅਦ ਹੁਣ ਕੇਂਦਰ ਸਰਕਾਰ ਕਾਨੂੰਨ ਲਿਆਉਣ ਦੀ ਤਿਆਰੀ ਵਿਚ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਾਜ ਸਭਾ ਵਿਚ ਭਾਜਪਾ ਦੇ ਸੀਨੀਅਰ ਆਗੂ ਸੁਬਰਮਨੀਅਮ ਸਵਾਮੀ, ਹਰਨਾਥ ਸਿੰਘ ਯਾਦਵ ਅਤੇ ਅਨਿਲ ਅਗਰਵਾਲ ਵਲੋਂ ਬਿਲ ਨੂੰ ਪੇਸ਼ ਕੀਤਾ ਜਾ ਚੁਕਾ ਹੈ। ਅਜਿਹੇ ਵਿਚ ਮਾਨਸੂਨ ਇਜਲਾਸ ਵਿਚ ਇਸ ’ਤੇ ਚਰਚਾ ਹੋ ਸਕਦੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਰਾਜ ਸਭਾ ਵਿਚ ਪੇਸ਼ ਕੀਤੇ ਗਏ ਆਬਾਦੀ ਕੰਟਰੋਲ ਕਾਨੂੰਨ ਤਹਿਤ ਬੱਚਿਆਂ ਵਾਲੇ ਮਾਪਿਆਂ ਨੂੰ ਅਤੇ ਉਸ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਪਿਆਂ ਨੂੰ ਕਿਹੋ ਜਿਹੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਇਸ ਦਾ ਜ਼ਿਕਰ ਹੈ। ਬਿੱਲ ਦੇ ਮੁਤਾਬਕ ਦੋ ਤੋਂ ਵੱਧ ਬੱਚਿਆਂ ਵਾਲੇ ਮਾਤਾ ਪਿਤਾ ਨੂੰ ਪੰਚਾਇਤ ਚੋਣਾਂ, ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾਂ ਲੜਨ ਦੀ ਆਗਿਆ ਨਹੀਂ ਹੋਵੇਗੀ। ਇਥੋਂ ਤਕ ਕਿ ਰਾਜਸੀ ਦਲ ਦਾ ਵੀ ਗਠਨ ਨਹੀਂ ਕਰ ਸਕਣਗੇ ਅਤੇ ਨਾ ਤਾਂ ਪਾਰਟੀ ਅਹੁਦੇਦਾਰ ਬਣ ਸਕਣਗੇ। ਇਸ ਦੇ ਇਲਾਵਾ ਸਕੂਲਾਂ ਵਿਚ ਆਬਾਦੀ ਕੰਟਰੋਲ ਦੇ ਵਿਸ਼ੇ ਵਿਚ ਪੜ੍ਹਾਇਆ ਜਾਵੇਗਾ। ਪ੍ਰਦੇਸ਼ਸਰਕਾਰ ਅਪਣੇ ਰਾਜ ਦੀ ਹਾਲਤ ਦੇ ਆਧਾਰ ’ਤੇ ਇਸ ਨੂੰ ਲਾਗੂ ਕਰ ਸਕੇਗੀ। ਜ਼ਿਕਰਯੋਗ ਹੈ ਕਿ ਯੂਪੀ ਸਰਕਾਰ ਨੇ ਵੀ ਆਬਾਦੀ ਕੰਟਰੋਲ ਕਾਨੂੰਨ ਦਾ ਖਰੜਾ ਤਿਆਰ ਕੀਤਾ ਹੈ ਜਿਸ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਸਕਦਾ ਹੈ।