ਭੁਵਨੇਸ਼ਵਰ : ਉੜੀਸਾ ਦੇ ਪੁਰੀ ਵਿਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਅੱਜ ਕੱਢੀ ਗਈ। ਪਿਛਲੇ ਸਾਲ ਵਾਂਗ ਇਸ ਵਾਰ ਵੀ ਇਸ ਵਿਚ ਸ਼ਰਧਾਲੂਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ। ਸਿਰਫ਼ ਮੰਦਰ ਪ੍ਰਬੰਧਕੀ ਕਮੇਟੀ ਨਾਲ ਜੁੜੇ ਅਹੁਦੇਦਾਰ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹੀ ਯਾਤਰਾ ਵਿਚ ਸ਼ਾਮਲ ਹੋਏ। ਜਿਥੋਂ ਜਿਥੋਂ ਯਾਤਰਾ ਕੱਢੀ ਗਈ, ਉਨ੍ਹਾਂ ਇਲਾਕਿਆਂ ਵਿਚ ਕਰਫ਼ਿਊ ਲਾ ਦਿਤਾ ਗਿਆ ਸੀ ਤਾਕਿ ਇਸ ਵਿਚ ਭੀੜ ਇਕੱਠੀ ਨਾ ਹੋ ਸਕੇ। ਹਾਲਾਂਕਿ ਲੋਕ ਘਰਾਂ ਤੋਂ ਹੀ ਰੱਥ ਯਾਤਰਾ ਵੇਖ ਰਹੇ ਸਨ। ਇਸ ਵਾਰ ਵੀ ਬੈਂਡ-ਬਾਜਿਆਂ ਦੇ ਬਿਨਾਂ ਯਾਤਰਾ ਕੱਢੀ ਗਈ। ਉਧਰ, ਗੁਜਰਾਤ ਦੇ ਅਹਿਮਦਾਬਾਦ ਵਿਚ ਵੀ ਸਵੇਰੇ ਸੱਤ ਵਜੇ ਰੱਥ ਯਾਤਰਾ ਕੱਢੀ ਗਈ ਜੋ 10.51 ਵਜੇ ਸੰਪੰਨ ਹੋ ਗਈ। ਅਹਿਮਦਾਬਾਦ ਅਤੇ ਪੁਰੀ ਦੋਹਾਂ ਹੀ ਥਾਵਾਂ ’ਤੇ ਰੱਥ ਯਾਤਰਾ ਵਿਚ ਸਾਮਲ ਹੋਣ ਵਾਲਿਆਂ ਤੋਂ ਲੈ ਕੇ ਰੱਥ ਖਿੱਚਣ ਵਾਲੇ ਖਲਾਸੀਆਂ ਦੀ ਕੋਵਿਡ ਜਾਂਚ ਕਰਾਈ ਗਈ ਸੀ। ਰੀਪੋਰਟ ਨੈਗੇਟਿਵ ਆਉਣ ’ਤੇ ਹੀ ਉਨ੍ਹਾਂ ਨੂੰ ਯਾਤਰਾ ਵਿਚ ਸ਼ਾਮਲ ਹੋਣ ਦੀ ਆਗਿਆ ਮਿਲੀ ਸੀ। ਅਹਿਮਦਾਬਾਦ ਵਿਚ ਰੱਥ ਯਾਤਰਾ ਦਾ ਪੂਰਾ ਰੂਟ ਕਰੀਬ 13 ਕਿਲੋਮੀਟਰ ਦਾ ਸੀ। ਆਮ ਤੌਰ ’ਤੇ ਇਸ ਯਾਤਰਾ ਨੂੰ ਪੂਰਾ ਹੋਣ ਵਿਚ 10 ਘੰਟੇ ਦਾ ਵਕਤ ਲਗਦਾ ਹੈ ਪਰ ਇਸ ਵਾਰ ਭੀੜ ਨਾ ਹੋਣ ਕਾਰਨ ਇਹ ਕਰੀਬ 4 ਘੰਟਿਆਂ ਵਿਚ ਪੂਰੀ ਹੋ ਗਈ। ਗੁਜਰਾਤ ਵਿਚ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸੋਨੇ ਦਾ ਝਾੜੂ ਲਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਰਵਾਰ ਸਮੇਤ ਮੰਗਲਾ ਆਰਤੀ ਵਿਚ ਹਿੱਸਾ ਲਿਆ।