ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਵਿਚ ਫੇਰਬਦਲ ਦੇ ਕੁਝ ਦਿਨਾਂ ਬਾਅਦ ਸਰਕਾਰ ਨੇ ਮੰਤਰੀ ਮੰਡਲ ਦੀਆਂ ਸ਼ਕਤੀਸ਼ਾਲੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ ਜਿਸ ਤਹਿਤ ਕੇਂਦਰੀ ਮੰਤਰੀਆਂ ਸਮ੍ਰਿਤੀ ਇਰਾਨੀ, ਭੁਪਿੰਦਰ ਯਾਦਵ ਅਤੇ ਸਰਬਾਨੰਦ ਸੋਨੋਵਾਲ ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਰਾਜਸੀ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਮੰਤਰੀ ਮੰਡਲ ਸਕੱਤਰੇਤ ਦੇ ਨੋਟੀਫ਼ੀਕੇਸ਼ਨ ਮੁਤਾਬਕ ਸੰਸਦੀ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਵਿਚ ਕੇਂਦਰੀ ਮੰਤਰੀਆਂ ਅਰਜੁਨ ਮੁੰਡਾ, ਵੀਰੇਂਦਰ ਕੁਮਾਰ, ਕਿਰਨ ਰਿਜਿਜੂ ਅਤੇ ਅਨੁਰਾਗ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਸੁਰੱਖਿਆ ਮਾਮਲਿਆਂ ਬਾਰੇ ਫ਼ੈਸਲੇ ਲੈਣ ਵਾਲੇ ਦੇਸ਼ ਦੀ ਸਰਬਉਚ ਸੰਸਥਾ-ਸੁਰੱਖਿਆ ਸਬੰਧੀ ਮੰਤਰੀ ਮੰਡਲ ਕਮੇਟੀ ਅਤੇ ਸੰਯੁਕਤ ਸਕੱਤਰ ਅਤੇ ਉਸ ਤੋਂ ਉਪਰ ਦੇ ਅਹੁਦਿਆਂ ’ਤੇ ਸਰਕਾਰੀ ਨਿਯੁਕਤੀਆਂ ਦੇ ਸਬੰਧ ਵਿਚ ਫ਼ੈਸਲਾ ਕਰਨ ਵਾਲੀ ਨਿਯੁਕਤੀ ਸਬੰਧੀ ਵਜ਼ਾਰਤੀ ਕਮੇਟੀ ਦੇ ਢਾਂਚੇ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ, ਰਖਿਆ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿਦੇਸ਼ ਮੰਤਰੀ ਸੁਬਰਮਨੀਅਮ ਜੈਸ਼ੰਕਰ ਸੁਰੱਖਿਆ ਸਬੰਧੀ ਵਜ਼ਾਰਤੀ ਕਮੇਟੀ ਦੇ ਮੈਂਬਰ ਹਨ। ਦੋ ਮੈਂਬਰੀ ਨਿਯੁਕਤੀ ਸਬੰਧੀ ਵਜ਼ਾਰਤੀ ਕਮੇਟੀ ਵਿਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸ਼ਾਮਲ ਹਨ। ਰਾਜਸੀ ਮਾਮਲਿਆਂ ਸਬੰਧੀ ਵਜ਼ਾਰਤੀ ਕਮੇਟੀ ਵਿਚ ਪ੍ਰਧਾਨ ਮੰਤਰੀ ਦੇ ਇਲਾਵਾ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਨਿਰਮਲਾ ਸੀਤਾਰਮਣ, ਨਰਿੰਦਰ ਸਿੰਘ ਤੋਮਰ, ਸਮ੍ਰਿਤੀ ਇਰਾਨੀ, ਪੀਯੂਸ਼ ਗੋਇਲ, ਪ੍ਰਹਿਲਾਦ ਜੋਸ਼ੀ, ਸਰਬਾਨੰਦ ਸੋਨੋਵਾਲ, ਗਿਰੀਰਾਜ ਸਿੰਘ, ਮਨਸੁਖ ਮੰਡਾਵੀਆ ਅਤੇ ਭੁਪਿੰਦਰ ਯਾਦਵ ਸ਼ਾਮਲ ਹਨ। ਕਮੇਟੀ ਵਿਚ ਈਰਾਨੀ, ਸੋਨੋਵਾਲ, ਗਿਰੀਰਾਜ ਸਿੰਘ, ਮੰਡਾਵੀਆ ਅਤੇ ਯਾਦਵ ਨਵੇਂ ਮੈਂਬਰ ਹਨ ਜਦਕਿ ਮੰਤਰੀ ਪਰਿਸ਼ਦ ਤੋਂ ਹਟਾਏ ਜਾਣ ਦੇ ਬਾਅਦ ਰਵੀਸ਼ੰਕਰ ਪ੍ਰਸਾਦ ਅਤੇ ਹਰਸ਼ਵਰਧਨ ਹੁਣ ਇਸ ਵਿਚ ਸ਼ਾਮਲ ਨਹੀਂ ਹਨ।