ਲੁਧਿਆਣਾ : ਵਿਦੇਸ਼ ’ਚ ਵਸਣ ਦੇ ਨਾਂ ’ਤੇ ਹੁਣ ਤਕ 3600 ਦੇ ਕਰੀਬ ਲਾੜੀਆਂ ਨੇ ਬੀਤੇ 5 ਸਾਲਾਂ ਦੇ ਅੰਦਰ ਆਪਣੇ ਸਹੁਰਾ ਪਰਿਵਾਰ ਨਾਲ ਠੱਗੀ ਮਾਰੀ ਹੈ। ਛੇ ਮਹੀਨਿਆਂ ਵਿੱਚ ਹੀ ਅਜਿਹੇ 200 ਮਾਮਲੇ ਸਾਹਮਣੇ ਆਏ ਹਨ। ਇਹ ਇਕ ਰੁਝਾਣ ਬਣ ਗਿਆ ਹੈ ਕਿ ਲੱਖਾਂ ਖਰਚਾ ਕਰਵਾ ਕੇ ਲਾੜੀਆਂ ਵਿਦੇਸ਼ ਜਾ ਕੇ ਮੁੱਕਰ ਜਾਂਦੀਆਂ ਹਨ। ਇਥੇ ਦਸ ਦਈਏ ਕਿ ਸਹੁਰਾ ਪਰਿਵਾਰ ਇਸ ਕਰ ਕੇ ਖ਼ਰਚਾ ਕਰਦਾ ਹੈ ਕਿ ਲਾੜੀ ਵਿਦੇਸ਼ ਜਾ ਕੇ ਉਨ੍ਹਾਂ ਦੇ ਬੇਟੇ ਨੂੰ ਵੀ ਉੱਥੇ ਸੱਦ ਲਵੇਗੀ ਅਤੇ ਮੁੜ ਕੇ ਉਨ੍ਹਾਂ ਦੀ ਵਾਰੀ ਵੀ ਛੇਤੀ ਹੀ ਆ ਜਾਵੇਗੀ ਪਰ ਹੁਣ ਬੀਤੇ ਕੁੱਝ ਸਮੇਂ ਤੋਂ ਇਸ ਤਰ੍ਹਾਂ ਹੋ ਨਹੀਂ ਰਿਹਾ। ਹੁਣ ਤਕ ਵਿਦੇਸ਼ ਮੰਤਰਾਲੇ ਕੋਲ 3300 ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ਵਿੱਚੋਂ 3000 ਸ਼ਿਕਾਇਤਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਸਿਮਰਨ ਨਾਮ ਦੀ ਔਰਤ ਆਪਣੀ ਚਾਰ ਸਾਲ ਦੀ ਧੀ ਛੱਡ ਕੇ ਕੈਨੇਡਾ ਚਲੀ ਗਈ ਸੀ। ਮਾਂ ਜਦੋਂ ਬਾਹਰ ਗਈ ਤਾਂ ਬੱਚੀ ਨਾਲ ਵਾਅਦਾ ਕਰ ਕੇ ਗਈ ਕਿ ਤਿੰਨ ਮਹੀਨੇ ਦੇ ਅੰਦਰ ਉਸ ਨੂੰ ਬਾਹਰ ਸੱਦ ਲਵੇਗੀ ਪਰ ਦੋ ਸਾਲ ਬੀਤ ਜਾਣ ਮਗਰੋਂ ਵੀ ਬੱਚੀ ਅਤੇ ਬੱਚੀ ਦੇ ਪਿਓ ਨੂੰ ਬਾਹਰ ਤਾਂ ਕੀ ਸੱਦਣਾ ਸੀ ਸਗੋਂ ਉਨ੍ਹਾਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਬੱਚੀ ਆਪਣੀ ਮਾਂ ਲਈ ਤੜਪਦੀ ਹੈ ਅਤੇ ਉਸ ਨੂੰ ਯਾਦ ਕਰਦੀ ਰਹਿੰਦੀ ਹੈ। ਸਿਮਰਨ ਦੇ ਪਤੀ ਨੇ ਦੱਸਿਆ ਕਿ ਕੈਨੇਡਾ ਜਾਣ ਤੋਂ ਬਾਅਦ ਕੁਝ ਸਮਾਂ ਤਾਂ ਉਹ ਸਹੀ ਤਰ੍ਹਾਂ ਉਨ੍ਹਾਂ ਨਾਲ ਗੱਲ ਕਰਦੀ ਰਹੀ ਪਰ ਉਸ ਤੋਂ ਬਾਅਦ ਉਸਦਾ ਅਤੇ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਫੋਨ ਨੰਬਰ ਬਲਾਕ ਕਰ ਦਿੱਤੇ। ਉਧਰ ਸਿਮਰਨ ਦੀ ਸੱਸ ਨੇ ਦੱਸਿਆ ਕਿ ਉਸ ਦਾ ਆਪਣੀ ਨੂੰਹ ਨਾਲ ਬਹੁਤ ਵਧੀਆ ਰਿਸ਼ਤਾ ਸੀ ਪਰ ਬਾਹਰ ਜਾ ਕੇ ਸ਼ਾਇਦ ਉਸ ਦਾ ਕਿਸੇ ਹੋਰ ਨਾਲ ਸਬੰਧ ਬਣ ਗਿਆ ਜਿਸ ਕਰਕੇ ਆਪਣੀ ਛੋਟੀ ਬੱਚੀ ਵੱਲ ਵੀ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੇ 25 ਲੱਖ ਰੁਪਿਆ ਖਰਚ ਕੇ ਉਸ ਨੂੰ ਬਾਹਰ ਭੇਜਿਆ ਸੀ। ਹੁਣ ਕੇਸ ਚੱਲ ਰਿਹਾ ਹੈ ਅਤੇ ਉਹ ਹੁਣ ਵੀ ਬੱਚੀ ਦੀ ਮਾਂ ਨੂੰ ਅਪਨਾਉਣ ਲਈ ਤਿਆਰ ਹਨ ਪਰ ਕੁੜੀ ਦਾ ਪਰਿਵਾਰ ਤਲਾਕ ਦੀ ਮੰਗ ਕਰ ਰਿਹਾ ਹੈ।
ਇਸ ਸਬੰਧੀ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਰਾ ਖਰਚਾ ਉਨ੍ਹਾਂ ਨੇ ਹੀਂ ਕੀਤਾ ਸੀ। ਲੜਕੇ ਦਾ ਪਰਿਵਾਰ ਝੂਠ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਪਣੀ ਬੇਟੀ ਨਾਲ ਉਸ ਦਾ ਤਲਾਕ ਚਾਹੁੰਦੇ ਹਨ ਪਰ ਉਹ ਆਪਣੀ ਦੋਹਤੀ ਨੂੰ ਅਪਣਾਉਣ ਲਈ ਤਿਆਰ ਹਨ।