ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਵਿਦੇਸ਼ ਅਤੇ ਰਖਿਆ ਨੀਤੀ ਨੂੰ ਰਾਜਸੀ ਹੱਥਕੰਡਾ ਬਣਾ ਕੇ ਦੇਸ਼ ਨੂੰ ਕਮਜ਼ੋਰ ਕਰ ਦਿਤਾ ਹੈ। ਉਨ੍ਹਾਂ ਇਸ ਖ਼ਬਰ ਦਾ ਹਵਾਲਾ ਦਿਤਾ ਜਿਸ ਵਿਚ ਕਿਹਾ ਗਿਆ ਸੀ ਕਿ ਚੀਨੀ ਫ਼ੌਜ ਨੇ ਪੂਰਬੀ ਲਦਾਖ਼ ਵਿਚ ਕਈ ਥਾਵਾਂ ’ਤੇ ਅਸਲ ਕੰਟਰੋਲ ਰੇਖਾ ਨੂੰ ਮੁੜ ਤੋਂ ਪਾਰ ਕਰ ਲਿਆ ਹੈ ਅਤੇ ਦੋਹਾਂ ਧਿਰਾਂ ਵਿਚਾਲੇ ਝੜਪ ਦੀ ਘੱਟੋ ਘੱਟ ਇਕ ਘਟਨਾ ਵਾਪਰ ਚੁਕੀ ਹੈ। ਫ਼ੌਜ ਨੇ ਇਸ ਖ਼ਬਰ ਨੂੰ ਰੱਦ ਕੀਤਾ ਹੈ। ਰਾਹੁਲ ਗਾਂਧੀ ਨੇ ਟਵਿਟਰ ’ਤੇ ਦੋਸ਼ ਲਾਇਆ, ‘ਮੋਦੀ ਸਰਕਾਰ ਨੇ ਵਿਦੇਸ਼ ਅਤੇ ਰਖਿਆ ਨੀਤੀ ਨੂੰ ਰਾਜਸੀ ਹੱਥਕੰਡਾ ਬਣਾ ਕੇ ਸਾਡੇ ਦੇਸ਼ ਨੂੰ ਕਮਜ਼ੋਰ ਕਰ ਦਿਤਾ ਹੈ। ਭਾਰਤ ਏਨਾ ਅਸੁਰੱਖਿਅਤ ਕਦੇ ਨਹੀਂ ਰਿਹਾ।’ ਉਧਰ, ਫ਼ੌਜ ਨੇ ਕਿਹਾ ਕਿ ਭਾਰਤੀ ਜਾਂ ਚੀਨੀ ਧਿਰ ਨੇ ਪੂਰਬੀ ਲਦਾਖ਼ ਦੇ ਉਨ੍ਹਾਂ ਇਲਾਕਿਆਂ ’ਤੇ ਕਬਜ਼ਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ ਜਿਥੋਂ ਉਹ ਫ਼ਰਵਰੀ ਵਿਚ ਪਿੱਛੇ ਹਟੇ ਸਲ ਅਤੇ ਖੇਤਰ ਵਿਚ ਟਕਰਾਅ ਦੇ ਬਾਕੀ ਮਾਮਲਿਆਂ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਗੱਲਬਾਤ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਉਦੋਂ ਚੀਨ ਦੀ ਫ਼ੌਜ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਈ ਸੀ। ਬਾਅਦ ਵਿਚ ਭਾਰਤ ਸਰਕਾਰ ਨੇ ਬਿਆਨ ਦਿਤਾ ਸੀ ਕਿ ਚੀਨੀ ਫ਼ੌਜ ਅਪਣੇ ਅਸਲੀ ਸਥਾਨ ’ਤੇ ਵਾਪਸ ਚਲੀ ਗਈ ਹੈ।