ਜਲੰਧਰ, ਨੰਗਲ : ਬੀਤੀ ਰਾਤ ਇਕ ਵਾਰਦਾਤ ਵਿਚ ਇਕ ਜਣੇ ਦੀ ਜਾਨ ਚਲੀ ਗਈ ਅਤੇ ਪੰਜਾਬ ਦੇ ਹੀ ਦੂਜੇ ਹਿੱਸੇ ਵਿਚ ਗਰਮੀ ਕਾਰਨ ਸਤਲੁਜ ਦਰਿਆ ਵਿਚ ਨਹਾਉਣ ਗਏ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਕੇਸ ਵਿਚ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਏਪੁਰ-ਰਸੂਲਪੁਰ ‘ਚ ਬੀਤੀ ਦੇਰ ਰਾਤ ਇਕ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪਿੰਡ ਰਸੂਲਪੁਰ ਦੀ ਨਹਿਰ ਨੇੜੇ ਕੁੱਝ ਲੋਕਾਂ ਵੱਲੋਂ ਇਕ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਜੇ ਤੱਕ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।ਪੁਲਿਸ ਮੁਤਾਬਕ ਮ੍ਰਿਤਕ ਲੜਕੀ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਅਤੇ ਕੁੜੀ ਨੇਪਾਲੀ ਹੈ। ਪੁਲਿਸ ਵੱਲੋਂ ਗੋਲੀ ਚੱਲਣ ਤੋਂ ਬਾਅਦ ਪਿਸਤੌਲ ‘ਚੋਂ ਨਿਕਲਿਆ ਰੌਂਦ ਵੀ ਮੌਕੇ ਤੋਂ ਬਰਾਮਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਅਤਿ ਦੀ ਪੈ ਰਹੀ ਗਰਮੀ ਕਾਰਨ ਸਤਲੁਜ ਦਰਿਆ ਵਿਚ ਨਹਾਉਣ ਗਏ ਦੋ ਲੜਕੇ ਡੁੱਬ ਕੇ ਮਰ ਗਏ। ਦਰਅਸਲ ਪਿੰਡ ਬਰਮਲਾ ’ਚ ਸਤਲੁਜ ਦਰਿਆ ਵਿਚ ਨਹਾਉਣ ਗਏ ਤਿੰਨ ਮੁੰਡੇ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਏ। ਇਨ੍ਹਾਂ ਤਿੰਨੋਂ ਮੁੰਡਿਆਂ ’ਚੋਂ ਇਕ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਜਦਕਿ ਦੋ ਮੁੰਡੇ ਅਜੇ ਤੱਕ ਲਾਪਤਾ ਹਨ। ਇਹ ਘਟਨਾ ਬੀਤੀ ਸ਼ਾਮ ਦੀ ਹੈ। ਬੀਤੀ ਸ਼ਾਮ ਤੋਂ ਇਨ੍ਹਾਂ ਬੱਚਿਆਂ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਭਾਲ ਕਰ ਰਹੇ ਸਨ। ਬਚਾਏ ਗਏ ਮੁੰਡੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਿੰਨੋਂ ਸਤਲੁਜ ਦਰਿਆ ’ਚ ਨਹਾਉਣ ਲਈ ਗਏ ਸਨ ਅਤੇ ਇਸੇ ਦੌਰਾਨ ਹੀ ਪਾਣੀ ’ਚ ਵਹਿ ਗਏ। ਸਤਲੁਜ ਦਰਿਆ ਵਿਚ ਬੀ. ਬੀ. ਐੱਮ. ਬੀ. ਅਤੇ ਹੋਮ ਗਾਰਡ ਦੀ ਗੋਤਾਖੋਰ ਟੀਮ ਲੱਗੀ ਹੋਈ ਹੈ ਪਰ ਅਜੇ ਤੱਕ ਉਨ੍ਹਾਂ ਦੋ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।