ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਛੱਡਣ ਵਾਲੇ ਆਗੂਆਂ ’ਤੇ ਵੱਡਾ ਹਮਲਾ ਕੀਤਾ ਹੈ। ਕਾਂਗਰਸ ਦੇ ਸੋਸ਼ਲ ਮੀਡੀਆ ਵਿੰਗ ਲਈ ਨਿਯੁਕਤ ਕੀਤੇ ਗਏ ਵਲੰਟੀਅਰਾਂ ਨੂੰ ਸੰਬੋਧਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਨੇ ਕਿਹਾ ਕਿ ਜਿਨ੍ਹਾਂ ਨੂੰ ਡਰ ਲਗਦਾ ਹੈ, ਉਹ ਜਾ ਸਕਦੇ ਹਨ। ਉਹ ਲੋਕ ਜਿਹੜੇ ਕਾਂਗਰਸ ਵਿਚ ਨਹੀਂ ਹਨ ਪਰ ਜਿਨ੍ਹਾਂ ਨੂੰ ਡਰ ਨਹੀਂ ਲਗਦਾ, ਉਹ ਕਾਂਗਰਸ ਵਿਚ ਆ ਸਕਦੇ ਹਨ, ਉਨ੍ਹਾਂ ਦਾ ਸਵਾਗਤ ਹੈ। ਰਾਹੁਲ ਦੇ ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨਿਡਰ ਲੋਕ ਹਨ ਜੋ ਕਾਂਗਰਸ ਵਿਚ ਨਹੀਂ ਹਨ। ਉਨ੍ਹਾਂ ਨੂੰ ਪਾਰਟੀ ਅੰਦਰ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਭਾਜਪਾ ਤੋਂ ਡਰਨ ਵਾਲੇ ਕਾਂਗਰਸੀਆਂ ਨੂੰ ਬਾਹਰ ਦਾ ਦਰਵਾਜ਼ਾ ਵਿਖਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਾਨੂੰ ਅਜਿਹੇ ਲੋਕਾਂ ਦੀ ਲੋੜ ਨਹੀਂ ਹੈ ਜੋ ਆਰਐਸਐਸ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਕਰਦੇ ਹਨ। ਸਾਨੂੰ ਨਿਡਰ ਲੋਕਾਂ ਦੀ ਲੋੜ ਹੈ।’ ਰਾਹੁਲ ਦੇ ਬਿਆਨ ਨੂੰ ਪੰਜਾਬ ਦੇ ਸੰਦਰਭ ਵਿਚ ਵੀ ਵੇਖਿਆ ਜਾ ਰਿਹਾ ਹੈ ਜਿਥੇ ਪਾਰਟੀ ਆਪਸੀ ਕਲੇਸ਼ ਵਿਚ ਉਲਝੀ ਹੋਈ ਹੈ। ਪੰਜਾਬ ਦੇ ਕੁਝ ਆਗੂ ਬਾਗ਼ੀ ਸੁਰਾਂ ਵੀ ਉਠਾ ਰਹੇ ਹਨ ਜਿਨ੍ਹਾਂ ਵਾਸਤੇ ਰਾਹੁਲ ਦੇ ਇਹ ਬੋਲ ਇਕ ਚੁਨੌਤੀ ਮੰਨੇ ਜਾ ਰਹੇ ਹਨ।