ਬਿਜਨੌਰ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਉਤਰਾਖੰਡ ਵਿਚ ਇਸ ਸਾਲ ਕਾਂਵੜ ਯਾਤਰਾ ਦੀ ਆਗਿਆ ਨਾ ਦਿਤੇ ਜਾਣ ਦੇ ਮੱਦੇਨਜ਼ਰ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਕੋਈ ਕਾਂਵੜ ਯਾਤਰੀ ਹਰਿਦੁਆਰ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਵਿਰੁਧ ਮਹਾਂਮਾਰੀ ਰੋਕੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀਅਤੇ ਉਸ ਨੂ 14 ਦਿਨ ਇਕਾਂਤਵਾਸ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਦਸਿਆ ਕਿ ਬਿਜਨੌਰ ਅਤੇ ਹਰਿਦੁਆਰ ਦੀ ਸਰਹੱਦ ’ਤੇ ਚਿੜੀਆਪੁਰ ਵਿਚ ਸਨਿਚਰਵਾਰ ਨੂੰ ਦੋਹਾਂ ਰਾਜਾਂ ਦੀ ਤਾਲਮੇਲ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਉਤਰਾਖੰਡ ਵਿਚ ਕਾਂਵੜ ਯਾਤਰਾ ’ਤੇ ਪਾਬੰਦੀ ਨੂੰ ਵੇਖਦਿਆਂ ਤੈਅ ਕੀਤਾ ਗਿਆ ਕਿ ਹਰਿਦੁਆਰਾ ਵਿਚ ਕਾਂਵੜ ਯਾਤਰੀਆਂ ਨੂੰ ਪ੍ਰਵੇਸ਼ ਕਰਨ ਤੋਂ ਰੋਕਣ ਲਈ ਦੋਹਾਂ ਰਾਜਾਂ ਦੀ ਸਰਹੱਦ ’ਤੇ ਨਿਗਰਾਨੀ ਰੱਖੀ ਜਾਵੇਗੀ। ਬੈਠਕ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਨਜ਼ੀਬਾਬਾਦ ਤਹਿਸੀਲ ਅਤੇ ਹਰਿਦੁਆਰਾ ਵਿਚਾਲੇ ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ। ਪ੍ਰਸ਼ਾਸਨ ਨੇ ਦਸਿਆ ਕਿ ਜੇ ਕੋਈ ਕਾਂਵੜ ਯਾਤਰੀ ਹੁਕਮ ਦੀ ਉਲੰਘਣਾ ਕਰ ਕੇ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਹਰਿਦੁਆਰ ਵਿਚ 14 ਦਿਨ ਇਕਾਂਤਵਾਸ ਵਿਚ ਰਖਿਆ ਜਾਵੇਗਾ ਅਤੇ ਉਸ ਵਿਰੁਧ ਮਹਾਂਮਾਰੀ ਰੋਕੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਦਸਿਆ ਕਿ ਯਾਤਰਾ ਦੌਰਾਨ ਹਰਿ ਕੀ ਪੌੜੀ ਸੀਲ ਰਹੇਗੀ। ਯੂਪੀ ਵਿਚ ਕਾਂਵੜ ਯਾਤਰਾ ਕੋਰੋਨਾ ਵਾਇਰਸ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪ੍ਰਤੀਕਾਤਮਕ ਕੱਢੀ ਜਾਵੇਗੀ।