ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਜ਼ਰਾਇਲ ਦੇ ਸਵਾਈਵੇਅਰ ਪੇਗਾਸਸ ਜ਼ਰੀਏ ਪੱਤਰਕਾਰਾਂ ਸਮੇਤ ਕਈ ਲੋਕਾਂ ਦੀ ਕਥਿਤ ਜਾਸੂਸੀ ਦੇ ਮੁੱਦੇ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਰਾਊਤ ਨੇ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਵਿਖਾਉਂਦਾ ਹੈ ਕਿ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨ ਕਮਜ਼ੋਰ ਹੈ। ਰਾਜ ਸਭਾ ਮੈਂਬਰ ਰਾਊਤ ਨੇ ਕਿਹਾ, ‘ਲੋਕਾਂ ਅੰਦਰ ਡਰ ਹੈ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।’ ਕਿਸੇ ਅੰਤਰਰਾਸ਼ਟਰੀ ਮੀਡੀਆ ਸੰਗਠਨ ਨੇ ਖੁਲਾਸਾ ਕੀਤਾ ਹੈ ਕਿ ਕੇਵਲ ਸਰਕਾਰੀ ਏਜੰਸੀਆਂ ਨੂੰ ਹੀ ਵੇਚੇ ਜਾਣ ਵਾਲੇ ਇਜ਼ਰਾਇਲ ਦੇ ਖ਼ੁਫ਼ੀਆ ਜਾਸੂਸੀ ਸਾਫ਼ਟਵੇਅਰ ਪੇਗਾਸਸ ਜ਼ਰੀਏ ਭਾਰਤ ਦੇ ਦੋ ਕੇਂਦਰੀ ਮੰਤਰੀਆਂ, 40 ਤੋਂ ਵੱਧ ਪੱਤਰਕਾਰਾਂ, ਵਿਰੋਧੀ ਧਿਰ ਦੇ ਤਿੰਨ ਆਗੂਆਂ ਅਤੇ ਇਕ ਮੌਜੂਦਾ ਜੱਜ ਸਮੇਤ ਭਾਰੀ ਗਿਣਤੀ ਵਿਚ ਕਾਰੋਬਾਰੀਆਂ ਅਤੇ ਅਧਿਕਾਰ ਕਾਰਕੁਨਾਂ ਦੇ 300 ਤੋਂ ਵੱਧ ਮੋਬਾਈਲ ਨੰਬਰ ਹੈਕ ਕੀਤੇ ਗਏ ਹਨ। ਇਹ ਰੀਪੋਰਟ ਐਤਵਾਰ ਨੂੰ ਸਾਹਮਣੇ ਆਈ। ਸਰਕਾਰ ਨੇ ਇਸ ਰੀਪੋਰਟ ਨੂੰ ਰੱਦ ਕੀਤਾ ਹੈ। ਰਾਊਤ ਨੇ ਕਿਹਾ ਕਿ ਉਨ੍ਹਾਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਮਾਨਸੂਨ ਇਜਲਾਸ ਵਿਚ ਇਸ ਮੁੱਦੇ ਨੂੰ ਵੀ ਚੁਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਨਹੀਂ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ ਮੋਬਾਈਲ ਫ਼ੋਨ ਵੀ ਹੈਕ ਕੀਤਾ ਜਾ ਰਿਹਾ ਹੋਵੇ।