ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਭਾਰੀ ਗਿਣਤੀ ਵਿਚ ਟੀਕਾਕਰਨ ਹੋਇਆ ਪਰ ਬੱਚਿਆਂ ਨੂੰ ਹਾਲੇ ਵੀ ਟੀਕੇ ਨਹੀਂ ਲਾਏ ਜਾ ਰਹੇ। ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਦੇਸ਼ ਨੂੰ ਇਕ ਵਾਰ ਸਕੂਲਾਂ ਨੂੰ ਮੁੜ ਖੋਲ੍ਹਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਹੁਣ ਸਮਾਂ ਆ ਗਿਆ ਹੈ ਜਦ ਸਾਨੂੰ ਸਕੂਲ ਮੁੜ ਖੋਲ੍ਹਣ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਅੰਦਰ ਬੀਮਾਰੀ ਨਾਲ ਲੜਨ ਦੀ ਤਾਕਤ ਕਾਫ਼ੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਬਹੁਤੇ ਸਕੂਲ ਕੋਰੋਨਾ ਦੀ ਪਹਿਲੀ ਲਹਿਰ ਦੇ ਸਮੇਂ ਤੋਂ ਹੀ ਬੰਦ ਹਨ। ਬੀਤੇ ਸਾਲ ਨਵੰਬਰ ਤੋਂ ਜਨਵਰੀ ਵਿਚਾਲੇ ਕੁਝ ਦਿਨਾਂ ਤਕ 10ਵੀਂ ਅਤੇ 12ਵੀਂ ਜਮਾਤਾਂ ਦੇ ਸਕੂਲ ਕੁਝ ਦਿਨਾਂ ਲਈ ਖੋਲ੍ਹੇ ਗਏ ਸਨ ਪਰ ਫਿਰ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਸਕੂਲਾਂ ਨੂੰ ਮੁੜ ਬੰਦ ਕਰ ਦਿਤਾ ਗਿਆ ਸੀ। ਗੁਲੇਰੀਆ ਨੇ ਕਿਹਾ, ‘ਮੈਂ ਉਨ੍ਹਾਂ ਜ਼ਿਲਿ੍ਹਆਂ ਵਿਚ ਸਕੂਲਾਂ ਨੂੰ ਖੋਲ੍ਹਣ ਦੀ ਗੱਲ ਕਰ ਰਿਹਾ ਹਾਂ ਜਿਥੇ ਵਾਇਰਸ ਦੇ ਮਾਮਲੇ ਬਹੁਤ ਘੱਟ ਹੋਏ ਹਨ।’ ਉਨ੍ਹਾਂ ਕਿਹਾ, ‘5 ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਰੇਟ ਵਾਲੇ ਸਥਾਨਾਂ ਲਈ ਇਹ ਯੋਜਨਾ ਬਣਾਈ ਜਾ ਸਕਦੀ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਜੇ ਲਾਗ ਫੈਲਣ ਦੇ ਸੰਕੇਤ ਮਿਲਦੇ ਹਨ ਤਾਂ ਸਕੂਲਾਂ ਨੂੰ ਤੁਰੰਤ ਬੰਦ ਕੀਤਾ ਜਾ ਸਕਦਾ ਹੈ। ਪਰ ਜ਼ਿਲਿ੍ਹਆਂ ਨੂੰ ਵੱਖ ਵੱਖ ਦਿਨਾਂ ਵਿਚ ਬੱਚਿਆਂ ਨੂੰ ਸਕੂਲ ਲਿਆਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਮੁੜ ਖੋਲ੍ਹਣ ਦੇ ਤਰੀਕਿਆਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ।