ਨਵੀਂ ਦਿੱਲੀ: ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਮਗਰੋਂ ਸਾਡੇ ਦੇਸ਼ ਵਿਚ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਵਿਖਾਉਣ ਸਬੰਧੀ ਕਾਨੂੰਨ ਬਾਰੇ ਚਰਚਾ ਫਿਰ ਸ਼ੁਰੂ ਹੋ ਗਈ ਹੈ। ਸਾਡੇ ਦੇਸ਼ ਵਿਚ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਵਿਖਾਉਣ ’ਤੇ ਪਾਬੰਦੀ ਹੈ। ਹੁਣ ਸਵਾਲ ਹੈ ਕਿ ਜਦ ਇਹ ਪਾਬੰਦੀ ਲੱਗੀ ਹੋਈ ਹੈ ਤਾਂ ਕੀ ਇਸ ਤਰ੍ਹਾਂ ਦੀ ਸਮੱਗਰੀ ਵੇਖੀ ਜਾ ਸਕਦੀ ਹੈ? ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਵੈਬਸਾਈਟਾਂ ਅਜਿਹੀ ਸਮੱਗਰੀ ਵਿਖਾਉਂਦੀਆਂ ਹਨ। ਏਨਾ ਹੀ ਨਹੀਂ, ਕੁਝ ਐਪ ਜਾਂ ਵੈਬਸਾਈਟਾਂ ਦੀ ਮਦਦ ਨਾਲ ਅਸ਼ਲੀਲ ਫ਼ਿਲਮਾਂ ਜਾਂ ਸਮੱਗਰੀ ਡਾਊਨਲੋਡ ਵੀ ਕੀਤੀ ਜਾ ਸਕਦੀ ਹੈ। ਭਾਰਤ ਵਿਚ ਅਡਲਟ ਪੋਰਨੋਗ੍ਰਾਫ਼ੀ ਐਂਡ ਪ੍ਰੌਸਟੀਟਿਊਸ਼ਨ ਯਾਨੀ ਵੇਸਵਾਗਮਨੀ ਅਪਰਾਧ ਨਹੀਂ ਹੈ ਪਰ ਚਾਈਲਡ ਪੋਰਨੋਗ੍ਰਾਫ਼ੀ ਅਪਰਾਧ ਹੈ। ਇਸ ਸਬੰਧੀ ਜਿਸਮਾਨੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ, 2012 ਪਾਸਕੋ ਬਣਾਇਆ ਗਿਆ ਹੈ। ਦੂਜੇ ਪਾਸੇ, ਅਡਲਟ ਪੋਰਨੋਗ੍ਰਾਫ਼ੀ ਤਦ ਅਪਰਾਧ ਹੋ ਜਾਂਦੀ ਹੈ ਜਦ ਕਿਸੇ ਨੂੰ ਜ਼ਬਰਦਸਤੀ, ਧੋਖੇ ਨਾਲ, ਜਾਂ ਬਿਨਾਂ ਉਸ ਦੀ ਪ੍ਰਵਾਨਗੀ ਦੇ ਉਸ ਦੀ ਫ਼ੋਟੋ, ਵੀਡੀਉ ਜਾਂ ਉਸ ਵਿਚ ਛੇੜਛਾੜ ਕਰਕੇ ਸੋਸ਼ਲ ਮੀਡੀਆ ਜਾਂ ਕਿਸੇ ਦੂਜੇ ਪਲੇਟਫ਼ਾਰਮ ’ਤੇ ਅਪਲੋਡ ਕੀਤੀ ਜਾਵੇ। ਅਜਿਹੀ ਸਥਿਤੀ ਵਿਚ ਪੁਲਿਸ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਕੰਟੈਂਟ ਨੂੰ ਅਪਲੋਡ ਕਰਨਾ ਸਾਇਬਰ ਅਪਰਾਧ ਦਾ ਹਿੱਸਾ ਹੋ ਸਕਦਾ ਹੈ। ਭਾਰਤ ਸਰਕਾਰ ਨੇ ਦੇਸ਼ ਵਿਚ ਕਰੀਬ 1300 ਅਸ਼ਲੀਲ ਵੈਬਸਾਈਟਾਂ ਨੂੰ ਬੈਨ ਕੀਤਾ ਗਿਆ ਹੋਇਆ ਹੈ ਪਰ ਇਸ ਦੇ ਬਾਅਦ ਵੀ ਇਨ੍ਹਾਂ ਤਕ ਪਹੁੰਚ ਕੀਤੀ ਜਾ ਸਕਦੀ ਹੈ। ਕੋਈ ਵਿਅਕਤੀ ਅਪਣੇ ਫ਼ੋਨ ਵਿਚ ਅਸ਼ਲੀਲ ਕੰਟੈਂਟ ਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਉਸ ਨੂੰ ਵੇਖ ਕੇ ਡਿਲੀਟ ਕਰ ਸਕਦਾ ਹੈ। ਇਸ ਮਾਮਲੇ ਵਿਚ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਪਰ ਉਸ ਸਮੱਗਰੀ ਨੂੰ ਉਹ ਕਿਸੇ ਦੂਜੇ ਵਿਅਕਤੀ ਦੀ ਮਰਜ਼ੀ ਦੇ ਬਿਨਾਂ, ਜ਼ਬਰਦਸਤੀ, ਧੋਖੇ ਨਾਲ, ਜਾਂ ਕਿਸੇ ਗਰੁਪ ਵਿਚ ਸ਼ੇਅਰ ਕਰ ਕੇ ਵਿਖਾਉਂਦਾ ਹੈ ਤਦ ਇਹ ਅਪਰਾਧ ਬਣ ਜਾਂਦਾ ਹੈ। ਯਾਨੀ ਪੋਰਨੋਗ੍ਰਾਫ਼ੀ ਛਾਪਣਾ, ਪ੍ਰਸਾਰਤ ਕਰਨਾ ਅਤੇ ਇਲੈਕਟ੍ਰਾਨਿਕ ਜ਼ਰੀਏ ਦੂਜਿਆਂ ਤਕ ਪਹੁੰਚਾਉਣਾ ਗ਼ੈਰਕਾਨੂੰਨੀ ਹੈ ਪਰ ਉਸ ਨੂੰ ਵੇਖਣਾ, ਪੜ੍ਹਨਾ ਜਾਂ ਸੁਣਨਾ ਨਾਜਾਇਜ਼ ਨਹੀਂ ਹਾਲਾਂਕਿ ਬਾਲ ਪੋਰਨੋਗ੍ਰਾਫ਼ੀ ਵੇਖਣਾ ਵੀ ਅਪਰਾਧ ਹੈ।