ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਜੰਤਰ ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਕਿਸਾਨਾਂ ਨੇ ਮਾਨਸੂਨ ਦੇ ਚਾਲੂ ਇਜਲਾਸ ਦੌਰਾਨ ਸੰਸਦ ਲਾਗੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ ਅਤੇ ਇਸ ਸਬੰਧ ਵਿਚ ਦਿੱਲੀ ਪੁਲਿਸ ਨਾਲ ਬੈਠਕਾਂ ਵੀ ਹੋਈਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਜੱਥਾ ਸਿੰਘੂ ਬਾਰਡਰ ਤੋਂ ਬਸਾਂ ਵਿਚ ਜੰਤਰ ਮੰਤਰ ਜਾਵੇਗਾ ਅਤੇ ਪੁਲਿਸ ਦੀ ਸੁਰੱਖਿਆ ਵੀ ਹੋਵੇੋਗੀ। ਕਿਸਾਨਾਂ ਮੁਤਾਬਕ ਹਰ ਰੋਜ਼ 200 ਕਿਸਾਨਾਂ ਦਾ ਜੱਥਾ ਪ੍ਰਦਰਸ਼ਨ ਕਰਨ ਲਈ ਜਾਵੇਗਾ। ਮਾਨਸੂਨ ਇਜਲਾਸ ਸੋਮਵਾਰ ਨੂੰ ਸ਼ੁਰੂ ਹੋਇਆ ਸੀ। ਇਕ ਦਿਨ ਪਹਿਲਾਂ ਕਿਸਾਨਾਂ ਯੂਨੀਅਨਾਂ ਨੇ ਕਿਹਾ ਸੀ ਕਿ ਉਹ ਮਾਨਸੂਨ ਇਜਲਾਸ ਦੌਰਾਨ ਜੰਤਰ ਮੰਤਰ ਵਿਖੇ ਕਿਸਾਨ ਪਾਰਲੀਮੈਂਟ ਕਰਨਗੇ। ਮੀਟਿੰਗ ਤੋਂ ਬਾਅਦ ਦਿੱਲੀ ਪੁਲਿਸ ਨੇ ਅਧਿਕਾਰੀਆਂ ਨੇ ਕਿਹਾ ਸੀ ਕਿ 26 ਜਨਵਰੀ ਨੂੰ ਹੋਈਆਂ ਹਿੰਸਕ ਝੜਪਾਂ ਕਾਰਨ ਪੁਲਿਸ ਕਾਫ਼ੀ ਚੌਕਸੀ ਵਰਤ ਰਹੀ ਹੈ। ਇਸੇ ਦੌਰਾਨ ਪੰਜਾਬ ਤੋਂ ਕਿਸਾਨਾਂ ਦੇ ਜੱਥੇ ਦਿੱਲੀ ਪੁਜਣੇ ਸ਼ੁਰੂ ਹੋ ਗਏ ਹਨ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦਾ ਪੂਰਾ ਰੀਕਾਰਡ ਰਖਿਆ ਗਿਆ ਹੈ ਅਤੇ ਉਹ ਅਪਣੀ ਪਛਾਣ ਦੇ ਸਾਰੇ ਸਬੂਤ ਅਪਣੇ ਨਾਲ ਰਖਣਗੇ।