ਨਵੀਂ ਦਿੱਲੀ : ਆਮਦਨ ਵਿਭਾਗ ਨੇ ਕਰ ਚੋਰੀ ਦੇ ਦੋਸ਼ਾਂ ਹੇਠ ਦੋ ਪ੍ਰਮੁੱਖ ਮੀਡੀਆ ਅਦਾਰਿਆਂ-ਦੈਨਿਕ ਭਾਸਕਰ ਅਤੇ ਯੂਪੀ ਦੇ ਹਿੰਦੀ ਖ਼ਬਰ ਚੈਨਲ ‘ਭਾਰਤ ਸਮਾਚਾਰ’ ਦੇ ਵੱਖ ਵੱਖ ਸ਼ਹਿਰਾਂ ਵਿਚ ਸਥਿਤੀ ਦਫ਼ਤਰਾਂ ’ਤੇ ਛਾਪੇ ਮਾਰੇ। ਸੂਤਰਾਂ ਨੇ ਦਸਿਆ ਕਿ ਦੈਨਿਕ ਭਾਸਕਰ ਦੇ ਮਾਮਲੇ ਵਿਚ ਛਾਪੇ ਭੋਪਾਲ, ਜੈਪੁਰ, ਅਹਿਮਦਾਬਾਦ ਅਤੇ ਕੁਝ ਹੋਰ ਥਾਵਾਂ ’ਤੇ ਮਾਰੇ ਗਏ। ਟੀਵੀ ਖ਼ਬਰ ਚੈਨਲ ਅਤੇ ਉਸ ਦੇ ਪ੍ਰੋਮੋਟਰਾਂ ਅਤੇ ਮੁਲਾਜ਼ਮਾਂ ਦੇ ਲਖਨਊ ਸਥਿਤ ਦਫ਼ਤਰਾਂ ’ਤੇ ਇਸੇ ਤਰ੍ਹਾਂ ਛਾਪੇ ਮਾਰੇ ਗਏ। ਵਿਭਾਗ ਜਾਂ ਸੀਬੀਡੀਟੀ ਤੋਂ ਛਾਪਿਆਂ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਅਧਿਕਾਰੀਆਂ ਨੇ ਯੂਪੀ ਦੇ ਹਰੀਆ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਅਜੇ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਜੁੜੇ ਦਫ਼ਤਰਾਂ ਵਿਚ ਵੀ ਛਾਪੇ ਮਾਰੇ। ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਵਿਧਾਇਕ ਅਤੇ ਮੀਡੀਆ ਅਦਾਰਿਆਂ ਵਿਰੁਧ ਕੀਤੀ ਗਈ ਕਾਰਵਾਈ ਵਿਚ ਕੋਈ ਸਬੰਧ ਹੈ ਜਾਂ ਨਹੀਂ। ਸੂਤਰਾਂ ਨੇ ਦਸਿਆ ਕਿ ਭਾਸਕਰ ਸਮੂਹ ਵਿਰੁਧ ਕੀਤੀ ਗਈ ਕਾਰਵਾਈ ਵਿਚ ਸਮੂਹ ਦੇ ਪ੍ਰੋਮੋਟਰਾਂ ਦੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਸਥਿਤੀ ਰਿਹਾਇਸ਼ੀ ਸਥਾਵਨਾਂ ’ਤੇ ਵੀ ਛਾਪੇ ਮਾਰੇ ਜਾਣਾ ਸ਼ਾਮਲ ਹੈ। ਸੀਆਰਪੀਐਫ਼ ਦੇ ਜਵਾਨਾਂ ਅਤੇ ਮੱਧ ਪ੍ਰਦੇਸ਼ ਪੁਲਿਸ ਦੇ ਮੁਲਾਜ਼ਮਾਂ ਨੂੰ ਭੋਪਾਲ ਵਿਚ ਆਮਦਨ ਟੀਮਾਂ ਨੂੰ ਸੁਰੱਖਿਆ ਦਿੰਦੇ ਵੇਖਿਆ ਗਿਆ। ਦੋਵੇਂ ਮੀਡੀਆ ਅਦਾਰੇ ਦੇਸ਼ ਵਿਚ ਕੋਵਿਡ 19 ਪ੍ਰਬੰਧਾਂ ਦੀ ਆਲੋਚਨਾ ਕਰਦੇ ਰਹੇ ਸਨ ਅਤੇ ਅਪ੍ਰੈਲ ਮਈ ਵਿਚ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਨ ਵਾਲੀ ਵਿਸ਼ਵ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਇਸ ਵਿਸ਼ੇ ’ਤੇ ਸਖ਼ਤ ਖ਼ਬਰਾਂ ਦਿਤੀਆਂ ਸਨ। ਦੈਨਿਕ ਭਾਸਕਰ ਸਮੂਹ ਦੀ ਮੂਲ ਕੰਪਨੀ ਡੀ ਬੀ ਕਾਰਪ ਲਿਮਟਿਡ ਦੀ ਵੈਬਸਾਈਟ ’ਤੇ ਉਪਲਭਧ ਸੂਚਨਾ ਮੁਤਾਬਕ ਸਮੂਹ ਦੀ ਮੌਜੂਦਗੀ 12 ਰਾਜਾਂ ਵਿਚ ਹੈ ਅਤੇ ਇਹ ਹਿੰਦੀ, ਗੁਜਰਾਤੀ ਅਤੇ ਮਰਾਠੀ ਵਿਚ ਅਖ਼ਬਰਾਂ ਦੇ 65 ਸੰਸਕਰਣ ਅਤੇ 211 ਉਪ ਸੰਸਕਰਣ ਛਾਪਦਾ ਹੈ। ਅਖ਼ਬਾਰ ਮੁਤਾਬਕ ਅਖ਼ਬਾਰਾਂ ਦੇ ਮੁਲਾਜ਼ਮਾਂ ਦੇ ਘਰਾਂ ਵਿਚ ਵੀ ਛਾਪੇ ਮਾਰੇ ਗਏ ਅਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਲੈ ਲਏ ਗਏ।