ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ਵਿਚ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਅਸਰ ਤੋਂ ਪੈਦਾ ਹੋਏ ਮੌਜੂਦਾ ਆਰਥਕ ਸੰਕਟ ’ਚੋਂ ਉਭਰਨ ਲਈ ਸਰਕਾਰ ਦੀ ਮੁਦਰਾ ਨੋਟ ਛਾਪਣ ਦੀ ਕੋਈ ਯੋਜਨਾ ਨਹੀਂ ਹੈ। ਵਿੱਤ ਮੰਤਰੀ ਨੂੰ ਪੁਛਿਆ ਗਿਆ ਸੀ ਕਿ ਕੀ ਆਰਥਕ ਸੰਕਟ ’ਚੋਂ ਉਭਰਨ ਲਈ ਮੁਦਰਾ ਨੋਟਾਂ ਦੀ ਛਪਾਈ ਦੀ ਕੋਈ ਯੋਜਨਾ ਹੈ। ਸਵਾਲ ਦੇ ਲਿਖਤੀ ਜਵਾਬ ਵਿਚ ਉਨ੍ਹਾਂ ਕਿਹਾ, ‘ਨਹੀਂ, ਅਜਿਹੀ ਕੋਈ ਯੋਜਨਾ ਨਹੀਂ ਹੈ।’ ਕਈ ਅਰਥਸ਼ਾਸਤਰੀਆਂ ਅਤੇ ਮਾਹਰਾਂ ਨੇ ਸਰਕਾਰ ਨੂੰ ਸੁਝਾਅ ਦਿਤਾ ਹੈ ਕਿ ਕੋਵਿਡ-19 ਤੋਂ ਪ੍ਰਭਾਵਤ ਅਰਥਵਿਵਸਥਾ ਵਿਚ ਮਦਦ ਲਈ ਹੋਰ ਜ਼ਿਆਦਾ ਮੁਦਰਾ ਨੋਟਾਂ ਨੂੰ ਛਾਪਿਆ ਜਾਵੇ। ਜ਼ਿਕਰਯੋਗ ਹੈ ਕਿ ਕੋਵਿਡ ਮਹਾਂਮਾਰੀ ਕਾਰਨ ਸਰਕਾਰ ਨੇ ਹੁਣ ਤਕ ਕਰੋੜਾਂ ਰੁਪਏ ਖ਼ਰਚ ਕੀਤੇ ਹਨ ਜਿਸ ਦਾ ਸਿੱਧੇ ਤੌਰ ’ਤੇ ਖ਼ਜ਼ਾਨੇ ਉਤੇ ਭਾਰ ਪਿਆ ਹੈ। ਇਸ ਲਈ ਮਾਹਰ ਕਹਿ ਰਹੇ ਹਨ ਕਿ ਜ਼ਿਆਦਾ ਮੁਦਰਾ ਨੋਟਾਂ ਦੀ ਛਪਾਈ ਕੀਤੀ ਜਾਵੇ ਪਰ ਸਰਕਾਰ ਫ਼ਿਲਹਾਲ ਇਸ ਵਾਸਤੇ ਤਿਆਰ ਨਹੀਂ ਕਿਉਂਕਿ ਜ਼ਿਆਦਾ ਮੁਦਰਾ ਨੋਟ ਛਾਪਣ ਦੇ ਹੋਰ ਵੀ ਕਈ ਪ੍ਰਭਾਵ ਪੈਂਦੇ ਹਨ।