ਨਵੀਂ ਦਿੱਲੀ : ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਦਾ ਪਿਛਲੇ 8 ਮਹੀਨਿਆਂ ਤੋਂ ਅੰਦੋਲਨ ਜਾਰੀ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਾਂਗ ਹੀ ਲਖਨਊ ਦੇ ਰਸਤੇ ਵੀ ਚਾਰੇ ਪਾਸਿਆਂ ਤੋਂ ਸੀਲ ਹੋਣਗੇ। ਇਸ ਦੀ ਤਿਆਰੀ ਕੀਤੀ ਜਾਵੇਗੀ। ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਲਖਨਊ ਨੂੰ ਵੀ ਦਿੱਲੀ ਬਣਾਇਆ ਜਾਵੇਗਾ। ਜਿਸ ਤਰ੍ਹਾਂ ਦਿੱਲੀ ਵਿਚ ਚਾਰੇ ਪਾਸਿਆਂ ਤੋਂ ਰਸਤੇ ਸੀਲ ਹਨ, ਤਿਵੇਂ ਹੀ ਯੂਪੀ ਵਿਚ ਵੀ ਸੀਲ ਹੋਣਗੇ। ਅਸੀਂ ਇਸ ਦੀ ਤਿਆਰੀ ਕਰਾਂਗੇ। ਉਨ੍ਹਾਂ ਕਿਹਾ ਕਿ 8 ਮਹੀਨੇ ਅੰਦੋਲਨ ਕਰਨ ਦੇ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਉਤਰਾਖੰਡ, ਯੂਪੀ, ਪੰਜਾਬ ਅਤੇ ਪੂਰੇ ਦੇਸ਼ ਵਿਚ ਜਾ ਕੇ ਕਿਸਾਨਾਂ ਕੋਲ ਅਪਣੀ ਗੱਲ ਰੱਖਾਂਗੇ ਅਤੇ ਸਰਕਾਰ ਦੀ ਨੀਤੀ ਅਤੇ ਕੰਮ ਬਾਬਤ ਗੱਲ ਕਰਾਂਗੇ। 5 ਸਤੰਬਰ ਨੂੰ ਮੁਜ਼ੱਫ਼ਰਨਗਰ ਵਿਚ ਵੱਡੀ ਪੰਚਾਇਤ ਹੋਵੇਗੀ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਇਸ ਦੇ ਇਲਾਵਾ ਘੱਟੋ ਘੱਟ ਸਮਰਥਨ ਮੁੱਲ ਕਾਨੂੰਨ ਬਣਾਇਆ ਜਾਵੇ। ਹਾਲਾਂਕਿ ਸਰਕਾਰ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਹ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਪਰ ਜ਼ਰੂਰੀ ਸੋਧ ਲਈ ਉਹ ਤਿਆਰ ਹੈ।