ਸਿਰਮੌਰ : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਬਰਵਾਸ ਲਾਗੇ ਨੈਸ਼ਨਲ ਹਾਈ ਵੇਅ 707 ’ਤੇ ਟਰੈਫ਼ਿਕ ਰੋਕ ਦਿਤਾ ਗਿਆ ਹੈ। ਇਥੇ ਮੀਂਹ ਦੇ ਬਾਅਦ ਢਿੱਗਾਂ ਡਿੱਗਣ ਕਾਰਨ ਪਹਾੜ ਵਿਚ ਪਾੜ ਪੈ ਗਿਆ ਅਤੇ ਚੱਟਾਨਾਂ ਟੁੱਟ ਕੇ ਡਿੱਗਣ ਲਗੀਆਂ। ਪਹਾੜੀ ਖਿਸਕਣ ਕਾਰਨ ਰਸਤਾ ਵੀ ਟੁੱਟ ਗਿਆ। ਸੈਂਕੜਿਆਂ ਦੀ ਗਿਣਤੀ ਵਿਚ ਲੋਕ ਰਸਤੇ ਵਿਚ ਫਸ ਗਏ ਅਤੇ ਕਈ ਘੰਟਿਆਂ ਤੋਂ ਲੰਮਾ ਜਾਮ ਲੱਗਾ ਹੋਇਆ ਹੈ। ਪਾਉਂਟਾ ਸਾਹਿਬ ਨੂੰ ਜੋੜਨ ਵਾਲੇ ਹਾਈਵੇਅ ਨੂੰ ਉਤਰਾਖੰਡ ਵਾਲੇ ਵੀ ਵਰਤਦੇ ਹਨ। ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਨੇ ਭੱਜ ਕੇ ਅਪਣੀ ਜਾਨ ਬਚਾਈ। ਮੌਸਮ ਵਿਭਾਗ ਮੁਤਾਬਕ 1 ਅਗਸਤ ਤਕ ਦੇਸ਼ ਦੇ ਪੂਰਬੀ, ਪਛਮੀ ਅਤੇ ਮੱਧ ਭਾਗਾਂ ਵਿਚ ਤੇਜ਼ ਮੀਂਹ ਹੋਣ ਦੀ ਸੰਭਾਵਨਾ ਹੈ। ਇਸ ਦੇ ਇਲਾਵਾ ਸ਼ੁਕਰਵਾਰ ਨੂੰ ਬਿਹਾਰ, ਰਾਜਸਥਾਨ, ਉਤਰਾਖੰਡ, ਛੱਤੀਸਗੜ੍ਹ ਅਤੇ ਝਾਰਖੰਡ ਸਮੇਤ ਕਈ ਇਲਾਕਿਆਂ ਵਿਚ ਭਾਰੀ ਮੀਂਹ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਉਧਰ, ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਮੱਧ ਪ੍ਰਦੇਸ਼ ਦੇ 15 ਜ਼ਿਲਿ੍ਹਆਂ ਵਿਚ ਭਾਰੀ ਮੀਂਹ ਅਤੇ ਆਕਾਸ਼ੀ ਬਿਜਲੀ ਡਿੱਗਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਨ੍ਹਾਂ ਜ਼ਿਲਿ੍ਹਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਸ਼ੋਅਪੁਰ, ਮੁਰੈਨਾ, ਛਤਰਪੁਰ ਆਦਿ ਸ਼ਾਮਲ ਹਨ। ਉਧਰ, ਹਿਮਾਚਲ ਵਿਚ ਮੀਂਹ ਕਾਰਨ ਹਾਲਾਤ ਕਾਫ਼ੀ ਖਰਾਬ ਹੋ ਗਏ ਹਨ। ਕਈ ਥਾਈਂ ਪਾਣੀ ਭਰ ਜਾਣ ਕਾਰਨ ਰਸਤੇ ਬੰਦ ਹੋ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਥਾਵਾਂ ’ਤੇ ਸੈਲਾਨੀ ਫਸੇ ਹੋਏ ਹਨ।