ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ, ਉੱਤਰ ਪ੍ਰਦੇਸ਼ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਆਪਣੀ ਭੰਗ ਕੀਤੀ ਪਾਰਟੀ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਰਹੇ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਤੇ ਕੁਝ ਹੋਰ ਆਗੂ ਅੱਜ ਦਿੱਲੀ ਵਿਖ਼ੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਅਮਨਜੋਤ ਕੌਰ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਰਾਮੂਵਾਲੀਆ ਕਾਫ਼ੀ ਗੁੱਸੇ ਵਿਚ ਹਨ। ਉਨ੍ਹਾਂ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਅਮਨਜੋਤ ਨੇ ਰਾਮੂਵਾਲੀਆ ਖ਼ਾਨਦਾਨ, ਪੰਜਾਬ ਅਤੇ ਪੰਜਾਬੀਆਂ ਨਾਲ ਗ਼ੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਨਜੋਤ ਨੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਉਸ ਨਾਲ ਪਹਿਲਾਂ ਕੋਈ ਗੱਲ ਨਹੀਂ ਕੀਤੀ। ਉਧਰ, ਅਮਨਜੋਤ ਨੇ ਕਿਹਾ ਕਿ ਉਹ ਬੱਚੀ ਨਹੀਂ ਕਿ ਹਰ ਗੱਲ ਅਪਣੇ ਪਿਤਾ ਨੂੰ ਦੱਸੇ ਅਤੇ ਉਨ੍ਹਾਂ ਦਾ ਹੁਕਮ ਲੈ ਕੇ ਕੰਮ ਕਰੇ। ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਗਿਆ ਕਿ ਸ੍ਰੀਮਤੀ ਅਮਨਜੋਤ ਕੌਰ ਰਾਮੂਵਾਲੀਆ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਜਨਰਲ ਸਕੱਤਰ ਅਤੇ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੀ ਸਾਬਕਾ ਚੇਅਪਰਸਨ ਹਨ।ਇਸ ਮੌਕੇ ਸ੍ਰੀ ਤਰੁਣ ਚੁੱਘ ਨੇ ਬਲਵੰਤ ਸਿੰਘ ਰਾਮੂਵਾਲੀਆ ਦੇ ਪੰਜਾਬ ਅਤੇ ਪੰਜਾਬੀਆਂ ਦੇ ਦਰਦੀ ਹੋਣ ਅਤੇ ਪੰਜਾਬ ਦੀਆਂ ਧੀਆਂ ਦੇ ‘ਬਾਪੂ’ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਮੂਵਾਲੀਆ ਪੰਜਾਬ ਦੀ ਸਿਆਸਤ ਦੇ ਮੋਹਰਲੇ ਨਾਂਵਾਂ ਵਿੱਚੋਂ ਇਕ ਹੈ। ਸ਼ਾਮਲ ਹੋਏ ਹੋਰ ਆਗੂਆਂ ਵਿੱਚ ਗੁਰਪ੍ਰੀਤ ਸਿੰਘ ਸ਼ਾਹਪੁਰ ਅਮਲੋਹ ਤੋਂ ਹਨ। ਉਹ ਸਾਬਕਾ ਅਕਾਲੀ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਦੇ ਬੇਟੇ ਹਨ। ਉਹ 15 ਸਾਲ ਸਰਪੰਚ ਰਹੇ ਅਤੇ ਦੱਸਿਆ ਗਿਆ ਕਿ ਉਹ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਨ।ਇਸ ਤੋਂ ਇਲਾਵਾ ਸੰਗਰੂਰ ਤੋਂ ਚੰਦ ਸਿੰਘ ਚੱਠਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਭਾਜਪਾ ਵਿੱਚ ਸ਼ਾਮਲ ਹੋਏ। ਕਿਹਾ ਗਿਆ ਕਿ ਉਹ 1977 ਤੋਂ ਅਕਾਲੀ ਦਲ ਨਾਲ ਜੁੜੇ ਹਨ।
ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਤੋਂ ਅਤੇ ਜ਼ਿਲ੍ਹਾ ਗੁਰਦਾਸਪੁਰ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਡਕੋਹਾ ਨੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਹ ਪਹਿਲਾਂ ਕਾਂਗਰਸ ਨਾਲ ਵੀ ਸੰਬੰਧਤ ਰਹੇ। ਦਿੜਬਾ ਵਿਧਾਨ ਸਭਾ ਹਲਕੇ ਦੇ ਅਕਾਲੀ ਆਗੂ ਜਥੇਦਾਰ ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ ਐਸ.ਸੀ.ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ‘ਆਪ’ ਦੇ ਪੰਜਾਬ ਵਿੱਚ ਸੰਸਥਾਪਕ ਮੈਂਬਰਾਂ ਵਿੱਚ ਦੱਸੇ ਗਏ ਟੀ.ਵੀ.ਅਤੇ ਸਟੇਜ ਐਂਕਰ ਅਤੇ ਸੂਫ਼ੀ ਗਾਇਕਾ ਮਮਤਾ ਜੋਸ਼ੀ ਦੇ ਪਤੀ ਸ੍ਚੇਤਨ ਮੋਹਨ ਜੋਸ਼ੀ ਨੇ ਵੀ ਭਾਜਪਾ ਦਾ ਪੱਲਾ ਫ਼ੜਿਆ।