ਫਿਲਮਾਂ ਵਿਅਕਤੀਗਤ ਜੀਵਨ ਵਿਚ ਇੱਕ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਕੁਝ ਫਿਲਮਾਂ ਕਿਸੇ ਦੀ ਨਿੱਜੀ ਜਿੰਦਗੀ ਤੇ ਹੀ ਅਧਾਰਿਤ ਹੁੰਦੀਆਂ ਹਨ, ਪਰ ਕੁਝ ਅਚਨਚੇਤ ਹੀ ਕਿਸੇ ਨਾਲ ਵਾਪਰੀਆਂ ਘਟਨਾਵਾਂ ਦੇ ਨਾਲ ਮੇਲ ਖਾ ਜਾਂਦੀਆਂ ਹਨ| ਕੁਝ ਇਸੇ ਤਰਾਂ ਦੇ ਹੀ ਪਹਿਲੂਆਂ ਨੂੰ ਲੈ ਕੇ ਬਣੀ, ਆਉਣ ਵਾਲੀ ਨਵੀਂ ਹਿੰਦੀ ਫਿਲਮ ਖਿਲਜ਼ੀ ਵੀ ਇੱਕ ਵੱਖਰੀ ਹੀ ਛਾਪ ਛੱਡੇਗੀ, ਜੋ ਕੇ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ. ਖਿਲਜ਼ੀ ਫਿਲਮ ਇੱਕ ਬਹੁਤ ਹੀ ਸੰਵੇਦਨਸ਼ੀਲ ਸੰਕਲਪ ਤੇ ਅਧਾਰਿਤ ਹੈ| ਪੰਜਾਬੀ ਸਿਨੇਮਾ ਦਾ ਹੋਣਹਾਰ ਤੇ ਸੁਲਝਿਆ ਹੋਇਆ ਨਿਰਦੇਸ਼ਕ ਰਵੀ ਪੁੰਜ ਇਸ ਫਿਲਮ ਨੂੰ ਨਿਰਦੇਸ਼ਿਤ ਕਰ ਰਿਹਾ ਹੈ ਤੇ ਉਹ ਸ਼ੁਰੂ ਤੋਂ ਹੀ ਸਮਾਜ ਦੇ ਅਣਗੌਲੇ ਮੁੱਦਿਆਂ ਨੂੰ ਪਰਦੇ ’ਤੇ ਵਿਖਾਉਣ ਦਾ ਯਤਨ ਕਰਦਾ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਰਵੀ ਪੁੰਜ ਨੇ ਖੁਦ ਹੀ ਲਿਖਿਆ ਹੈ। ਡਾਇਰੈਕਟਰ ਰਵੀ ਪੁੰਜ ਦੀ ਇਹ ਪਹਿਲੀ ਹਿੰਦੀ ਫ਼ਿਲਮ ਹੈ, ਜਦਕਿ ਇਸ ਤੋਂ ਪਹਿਲਾਂ ਉਹ ‘ਟਾਈਟੈਨਿਕ’, ‘ਲੰਕਾ’, ‘ਉਲਟ ਪੁਲਟ’, ‘ਸਰਕਾਰੀ ਗੁੰਡੇ’ ਨਾਂ ਦੀਆਂ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਗ੍ਰੈਮਿਨ ਮੀਡੀਆ ਤੇ ਕੈਪਟੈਬ ਐਂਟਰਟੇਂਮੈਂਟ ਦੇ ਬੈਨਰ ਹੇਠ ਬਣ ਰਹੀ ਇਸ ਹਿੰਦੀ ਫ਼ਿਲਮ ਨੂੰ ਪ੍ਰੋਡਿਊਸਰ ਗੁਰਮੀਤ ਲੋਪੋਂ ਅਤੇ ਨਿਸ਼ਾਂਤ ਚੌਧਰੀ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੇ ਐਸ਼ੋਸੀਏਟ ਡਾਇਰੈਕਟਰ ਕਰਮਪ੍ਰੀਤ ਸਮਰਾ ਹਨ ਜੋ ਕੇ ਇਸ ਆਉਣ ਵਾਲੀ ਪਹਿਲੀ ਹਿੰਦੀ ਫਿਲਮ ਨੂੰ ਲੈ ਕੇ ਬਹੁਤ ਉਤਸੁਕ ਹਨ| ਇਸ ਫ਼ਿਲਮ ‘ਚ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਨਾਮੀਂ ਕਲਾਕਾਰਾਂ ਮਨ ਧਾਮੀ, ਸੁਰਮੀਤ ਮੀਤ, ਕਮਲ ਖੂੰਗੜਾ, ਅਵਤਾਰ ਗਿੱਲ, ਅਰੁਣ ਬਖਸ਼ੀ, ਅਲੀ ਖਾਂਨ, ਸਤਵਿੰਦਰ ਕੌਰ, ਅਨੀਤਾ ਮੀਤ, ਸਤਵੰਤ ਕੌਰ, ਸ਼ਿੰਦਰਪਾਲ ਸੋਨੀ, ਖੁਸ਼ੀ ਮਲਹੋਤਰਾ, ਕ੍ਰਿਸ਼ਿਕਾ ਸ਼ਰਮਾ ਆਦਿ ਕੰਮ ਕਰ ਰਹੇ ਹਨ। ਸਮਾਜ ਨਾਲ ਜੁੜੇ ਇੱਕ ਅਣਛੋਹੇ ਵਿਸ਼ੇ ਅਧਾਰਤ ਇੱਕ ਬਹੁਤ ਹੀ ਨਿਵੇਕਲੀ ਫ਼ਿਲਮ ‘ਖ਼ਿਲਜੀ’ ਦੀ ਸੂਟਿੰਗ ਇੰਨ੍ਹੀਂ ਦਿਨੀਂ ਬਰਨਾਲਾ ਦੇ ਆਸ ਪਾਸ ਚੱਲ ਰਹੀ ਹੈ। ਫ਼ਿਲਮ ਦਾ ਵੀਹ ਪ੍ਰਤੀਸ਼ਤ ਸ਼ੂਟ ਹੋ ਚੁੱਕਿਆ ਹੈ ਅਤੇ ਬਾਕੀ ਦਾ ਸ਼ੂਟ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਕੀਤਾ ਜਾਵੇਗਾ |
ਇਸ ਫ਼ਿਲਮ ਦੀ ਕਹਾਣੀ ਸਾਡੇ ਸਮਾਜ ਦਾ ਇੱਕ ਕੌੜਾ ਸੱਚ ਬਿਆਨਦੀ ਹੈ। ਉਮਰ ਦੀਆਂ ਨਾਦਾਨ ਗ਼ਲਤੀਆਂ ਸਦਕਾ ਬਣੀਆਂ ‘ਕੁਆਰੀਆਂ ਮਾਵਾਂ’ ਪ੍ਰਤੀ ਸਮਾਜ ਦੀ ਸੋਚ ਅਤੇ ਸਵੈ ਭਾਵਨਾਂ ਦੀ ਪਰਖ ਪੜਚੋਲ ਕਰਦੀ ਇਹ ਫ਼ਿਲਮ ਅਜਿਹਾ ਬਹੁਤ ਕੁਝ ਕਹਿਣ ਦੀ ਹਿੰਮਤ ਰੱਖੇਗੀ ਜਿਸਨੂੰ ਸੁਣਨ ਲਈ ਕੰਨ੍ਹਾਂ ’ਚ ਕੌੜਾ ਤੇਲ ਪਾੳਂੁਣਾ ਪੈਂਦਾ ਹੈ। ਇਸ ਫ਼ਿਲਮ ਦੀ ਬਹੁਤੀ ਸੂਟਿੰਗ ਬਰਨਾਲਾ ਦੀਆਂ ਵੱਖ ਵੱਖ ਲੁਕੇਸ਼ਨਾਂ ਤੇ ਹੀ ਕੀਤੀ ਜਾਵੇਗੀ ਜਦਕਿ ਫ਼ਿਲਮ ਦੇ ਗੀਤ ਹਿਮਾਚਲ ਦੀਆਂ ਹੁਸ਼ੀਨ ਵਾਦੀਆਂ ’ਚ ਫ਼ਿਲਮਾਏ ਜਾਣਗੇ ਤੇ ਇੰਡਸਟਰੀ ਦੇ ਨਾਮਵਰ ਕਲਾਕਾਰਾਂ ਦੇ ਗੀਤਾਂ ਨੂੰ ਇਸ ਫਿਲਮ ਵਿਚ ਪੇਸ਼ ਕੀਤਾ ਜਾਵੇਗਾ|