ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਤੀਰ ਅੰਦਾਜ਼ ਅਮਨ ਸੈਣੀ ਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿਖੇ ਚੱਲ ਰਹੇ ਵਿਸ਼ਵ ਕੱਪ ਸਟੇਜ-ਦੋ ਵਿੱਚ ਸੋਨ ਤਗ਼ਮਾ ਹਾਸਿਲ ਕਰ ਲਿਆ ਹੈ। ਅਮਨ ਸੈਣੀ ਕੰਪਾਊਂਡ ਮੈੱਨ ਸ਼ਰੇਣੀ ਵਿੱਚ ਇਸ ਮੈਡਲ ਦੀ ਪ੍ਰਾਪਤੀ ਵਾਲੀ ਤਿੰਨ ਮੈਂਬਰੀ ਟੀਮ ਵਿੱਚ ਸ਼ਾਮਿਲ ਸੀ ਜਿਸ ਨੇ ਫ਼ਰਾਂਸ ਦੀ ਟੀਮ ਨੂੰ ਹਰਾ ਕੇ ਇਹ ਪ੍ਰਾਪਤੀ ਹਾਸਿਲ ਕੀਤੀ। ਇਸ ਜੇਤੂ ਇੰਡੀਅਨ ਟੀਮ ਦਾ ਸਕੋਰ 232 ਰਿਹਾ ਜਦੋਂ ਕਿ ਹਾਰਨ ਵਾਲੀ ਫ਼ਰਾਂਸ ਦੀ ਟੀਮ ਦਾ ਸਕੋਰ 230 ਸੀ। ਇਸ ਟੀਮ ਵਿੱਚ ਦੋ ਬਾਕੀ ਖਿਡਾਰੀ ਅਭਿਸ਼ੇਕ ਵਰਮਾ ਅਤੇ ਰਜਿਤ ਚੌਹਾਨ ਹਨ,ਜੋ ਕਿ ਦੋਹੇਂ ਹੀ ਅਰਜਨ ਐਵਾਰਡੀ ਹਨ।
ਜਿ਼ਕਰਯੋਗ ਹੈ ਕਿ ਪਹਿਲਾਂ ਵਿਸ਼ਵ ਕੱਪ ਸਟੇਜ-1 ਵਿੱਚ ਵੀ ਅਮਨ ਸੈਣੀ ਨੇ ਗੋਲਡ ਮੈਡਲ ਹਾਸਿਲ ਕੀਤਾ ਸੀ। ਅਮਨ ਸੈਣੀ ਖਾਲਸਾ ਕਾਲਜ ਵਿੱਚ ਪੀ.ਜੀ.ਡੀ.ਸੀ.ਏ ਦਾ ਵਿਦਿਆਰਥੀ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਕੋਚ ਸੁਰਿੰਦਰ ਸਿੰਘ ਤੋਂ ਸਿਖਲਾਈ ਪ੍ਰਾਪਤ ਕਰ ਰਿਹਾ ਹੈ। ਏਸ਼ੀਅਨ ਚੈਂਪੀਅਨਸਿ਼ਪ ਵੀ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਏਸ਼ੀਆਈ ਖੇਡਾਂ ਵਿੱਚ ਉਸ ਨੇ ਇਸੇ ਤਿੰਨ ਮੈਂਬਰੀ ਟੀਮ ਵਿੱਚ ਹੀ ਮੈਡਲ ਪ੍ਰਾਪਤ ਕੀਤਾ ਸੀ। ਆਲ-ਇੰਡੀਆ ਅੰਤਰ ਵਰਿਸਟੀ ਦੇ ਮੁਕਾਬਲਿਆਂ ਵਿੱਚ ਵੀ ਉਸ ਦੇ ਦੋ ਗੋਲਡ ਮੈਡਲ ਹਨ ਅਤੇ ਉਹ ਓਵਰ-ਆਲ ਚੈਂਪੀਅਨ ਬਣਿਆ ਸੀ।
ਕੋਚ ਸੁਰਿੰਦਰ ਸਿੰਘ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚੋਂ ਬਹੁਤ ਸਾਰੇ ਤੀਰ ਅੰਦਾਜ਼ ਕੌਮਾਂਤਰੀ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਹੋਰ ਵੀ ਬਿਹਤਰ ਨਤੀਜੇ ਦਿੱਤੇ ਜਾ ਸਕਦੇ ਹਨ। ਫੰਡਾਂ ਦੀ ਘਾਟ ਕਾਰਨ ਖਿਡਾਰੀ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਵੇ ਤਾਂ ਕਿ ਪੰਜਾਬ ਦੀ ਧਰਤੀ ਤੋਂ ਉੱਠ ਕੇ ਇਹ ਖਿਡਾਰੀ ਲਗਾਤਾਰ ਵੱਡੀਆਂ ਪ੍ਰਾਪਤੀਆਂ ਕਰ ਸਕਣ।
ਇਸ ਪ੍ਰਾਪਤੀ ਉੱਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਖੇਡ ਵਿਭਾਗ ਦੇ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਵੀ ਅਮਨ ਸੈਣੀ ਅਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੱਤੀ ਗਈ।