ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ 'ਮੇਰੀ ਮਾਟੀ ਮੇਰਾ ਦੇਸ਼' ਲੜੀ ਤਹਿਤ ਦੂਜਾ ਪ੍ਰੋਗਰਾਮ ਕਰਵਾਇਆ ਗਿਆ। ਇਸ ਲੜੀ ਦੇ ਪਹਿਲੇ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਕੈਂਪਸ ਦੇ ਨਾਲ਼ ਲਗਦੇ ਪੰਜ ਪਿੰਡਾਂ ਸੈਫਦੀਪੁਰ, ਜਲਾਲਪੁਰ, ਸ਼ੇਖਪੁਰਾ,ਮਿਠੂ ਮਾਜਰਾ ਅਤੇ ਦੌਣਕਲਾਂ ਵਿੱਚ ਰੈਲੀ ਕੱਢੀ ਗਈ ਸੀ।
ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਜਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਰਵਾਇਆ ਗਿਆ। ਤਾਜ਼ਾ ਪ੍ਰੋਗਰਾਮ ਵਿੱਚ ਕਰਨਲ ਮਨਜਿੰਦਰ ਪਾਲ ਸਿੰਘ(ਰਿਟਾ.) ਸ਼ੌਰਿਆ ਚੱਕਰ ਅਵਾਰਡੀ , ਲੈਫਟੀਨੈਂਟ ਕਰਨਲ ਸੰਜੀਵ ਕੁਮਾਰ ਸ਼ੌਰਿਆ ਚੱਕਰ ਅਵਾਰਡੀ , ਕੈਪਟਨ ਰੀਤ ਮਹਿੰਦਰਪਾਲ ਸਿੰਘ ਵੀਰ ਚੱਕਰ ਅਵਾਰਡੀ ਅਤੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ, ਸੈਨਾ ਮੈਡਲ ਦੀ ਪਤਨੀ ਸ਼੍ਰੀਮਤੀ ਗੁਰਦੀਪ ਕੌਰ ਨੂੰ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਨਾਂ ਵੀਰਾਂ ਦੇ ਦੇਸ਼ ਲਈ ਪਿਆਰ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਸਨਮਾਨਿਤ ਕਰਨ ਲਈ ਸੈਨੈਟ ਹਾਲ ਵਿਖੇ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਸੰਦੀਪ ਸਿੰਘ, ਡਾ. ਲਖਵੀਰ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਯੁਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀਆਂ ਸਮੇਤ ਕੈਂਪਸ ਤੋਂ 100 ਐੱਨ. ਐੱਸ. ਐੱਸ. ਵਲੰਟੀਅਰ ਸ਼ਾਮਿਲ ਹੋਏ । ਪ੍ਰੋਗਰਾਮ ਅਫਸਰ ਡਾ. ਸੰਦੀਪ ਸਿੰਘ ਜੀ ਨੇ ਪਤਵੰਤੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਾਰਿਆਂ ਨੂੰ 'ਮੇਰੀ ਮਾਟੀ ਮੇਰਾ ਦੇਸ਼' ਦੀ ਸਹੁੰ ਚੁਕਵਾਈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸ਼ਾਮਿਲ ਸ਼ਖ਼ਸੀਅਤਾਂ ਨੂੰ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ। ਕੈਪਟਨ ਰੀਤ ਮਹਿੰਦਰਪਾਲ ਸਿੰਘ ਵੀਰ ਚੱਕਰ ਅਵਾਰਡੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਇਸ ਪ੍ਰੋਗਰਾਮ ਵਿਚ ਸ਼ਾਮਿਲ ਨਹੀ ਹੋ ਸਕੇ ਇਹਨਾਂ ਨੂੰ ਸਨਮਾਨਿਤ ਕਰਨ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਐੱਨ. ਐੱਸ. ਐੱਸ. ਅਧਿਕਾਰੀਆਂ ਸਮੇਤ ਸ਼ਾਮ ਨੂੰ ਘਰ ਗਏ ਅਤੇ ਇਹਨਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ।
ਕਰਨਲ ਮਨਜਿੰਦਰ ਪਾਲ ਸਿੰਘ ਨੇ ਪ੍ਰੋਗਰਾਮ ਦੌਰਾਨ ਕਿਹਾ ਕਿ ਐੱਨ. ਐੱਸ. ਐੱਸ. ਵਲੰਟੀਅਰਜ਼ ਅਤੇ ਵਿਦਿਆਰਥੀਆਂ ਲਈ ਫੌਜ ਵਿਚ ਭਰਤੀ ਹੋਣਾ ਸਭ ਤੋ ਵਧੀਆ ਨੌਕਰੀ ਹੈ। ਫੌਜ ਵਿਚ ਆ ਕੇ ਵਿਅਕਤੀ ਆਪਣੀ ਸ਼ਖ਼ਸੀਅਤ ਹੋਰ ਨਿਖਾਰ ਸਕਦਾ ਹੈ ।
ਲੈਫਟੀਨੈਂਟ ਕਰਨਲ ਸੰਜੀਵ ਕੁਮਾਰ ਨੇ ਕਿਹਾ ਫੌਜ ਵਿਚ ਉਹ ਵਿਅਕਤੀ ਹੀ ਜਾ ਸਕਦਾ ਹੈ ਜਿਸ ਵਿੱਚ ਜਨੂੰਨ ਜਾਂ ਜਜ਼ਬਾ ਹੁੰਦਾ ਹੈ ।
ਪ੍ਰੋਗਰਾਮ ਦੌਰਾਨ 'ਵੀਰਾਂ ਦੇ ਵੰਦਨ' ਤੋਂ ਬਾਅਦ 'ਮਾਟੀ ਕੋ ਨਮਨ' ਕਰਦੇ ਹੋਏ ਕੈਂਪਸ ਵਿਚਲੇ ਗੁਰਦੁਆਰਾ ਸਾਹਿਬ ਦੇ ਨੇੜੇ 75 ਪੌਦੇ ਲਗਾਏ ਗਏ।